ਆਪਣੇ ਵਿਚਾਰਾਂ ਨੂੰ ਪੁਖ਼ਤਾ ਕਰਨਾ

ਉਦਯੋਗਪਤੀ (ਐਂਟਰਪ੍ਰਿਨਿਉਰ) ਹੋਣ ਦਾ ਸਭ ਤੋਂ ਵੱਡਾ ਇੱਕ ਫ਼ਾਇਦਾ ਹੈ ਕਿ ਤੁਸੀਂ ਆਪਣੀ ਪਸੰਦ ਦੇ ਕਿਸੇ ਕੰਮ ਨੂੰ ਕਰ ਸਕਦੇ ਹੋ ਜਿਸ ਬਾਰੇ ਤੁਹਾਡੇ ਵਿੱਚ ਜਜ਼ਬਾ ਹੋਵੇ। ਬਦਕਿਸਮਤੀ ਨਾਲ, ਜਜ਼ਬੇ ਨਾਲ ਹਮੇਸ਼ਾ ਮੁਨਾਫ਼ਾ ਨਹੀਂ ਹੁੰਦਾ। ਜੇ ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕਰਦੇ ਹੋ ਤਾਂ ਆਪਣੇ ਕਾਰੋਬਾਰੀ ਵਿਚਾਰ (ਬਿਜ਼ਨਿਸ ਆਈਡੀਆ) ਵਿਕਾਸ ਕਰਨ ਤੋਂ ਸ਼ੁਰੂ ਕਰੋ।

ਅਧਿਐਨ, ਅਧਿਐਨ, ਅਧਿਐਨ! ਆਪਣੇ ਸੰਭਾਵੀ ਗਾਹਕਾਂ, ਆਪਣੇ ਮੁਕਾਬਲੇ ਦੇ ਕਾਰੋਬਾਰਾਂ ਬਾਰੇ ਅਤੇ ਆਪਣੇ ਉਤਪਾਦ ਜਾਂ ਸਰਵਿਸ ਦੀ ਮੰਗ ਬਾਰੇ ਜਿੰਨ੍ਹੀ ਜ਼ਿਆਦਾ ਜਾਣਕਾਰੀ ਤੁਸੀਂ ਇਕੱਠੀ ਕਰ ਸਕੋਂਗੇ, ਉਨ੍ਹੇ ਵੱਧ ਕਾਮਯਾਬ ਤੁਸੀਂ ਹੋਵੋਂਗੇ।

ਆਪਣੇ ਵਿਚਾਰ ਦੇ ਮੁੱਲਾਂਕਣ ਲਈ ਜ਼ਰੂਰੀ ਸਮਾਂ ਲੈ ਲਓ ਅਤੇ ਇਹ ਤੈਅ ਕਰੋ ਕਿ ਮੁਨਾਫ਼ਾ ਕਮਾਉਣ ਦੀ ਤੁਹਾਡੀ ਕੀ ਗੁੰਜਾਇਸ਼ ਹੈ। ਇਸ ਦਸਤਾਵੇਜ਼ ਵਿੱਚ ਕੁੱਝ ਉਹ ਗੱਲਾਂ ਦੱਸੀਆਂ ਗਈਆਂ ਹਨ ਜਿਨ੍ਹਾਂ ਬਾਰੇ ਤੁਹਾਨੂੰ ਵਿਚਾਰ ਦਾ ਜਾਇਜ਼ਾ ਲੈਣ ਵੇਲੇ ਗ਼ੌਰ ਕਰਨਾ ਚਾਹੀਦਾ ਹੈ।

ਕੀ ਤੁਹਾਡਾ ਵਿਚਾਰ ਸੱਚਮੁਚ ਮੂਲ ਵਿਚਾਰ ਹੈ?

ਤੁਹਾਨੂੰ ਇਹ ਵੇਖਣ ਲਈ ਪੜਤਾਲ ਕਰਨੀ ਪਵੇਗੀ ਕਿ ਕੀ ਤੁਹਾਡਾ ਵਿਚਾਰ ਸੱਚੀਂ ਅਸਲੀ ਹੈ ਜਾਂ ਕੀ ਕੋਈ ਹੋਰ ਕਾਰੋਬਾਰ ਅਜਿਹਾ ਹੀ ਕੋਈ ਉਤਪਾਦ ਜਾਂ ਸੇਵਾ ਪੇਸ਼ ਕਰ ਰਿਹਾ ਹੈ। ਕੋਈ ਅਜਿਹੀ ਗੱਲ ਕਰਨ ਨਾਲ ਜੋ ਹੋਰ ਕੋਈ ਨਾ ਕਰ ਰਿਹਾ ਹੋਵੇ, ਕਿਸੇ ਮਿਲਦੇ-ਜੁਲਦੇ ਉਤਪਾਦ ਜਾਂ ਸੇਵਾ ਨਾਲ ਮੁਕਾਬਲਾ ਕਰਨ ਨਾਲੋਂ ਵਧੇਰੇ ਲਾਹੇਵੰਦ ਹੋ ਸਕਦੀ ਹੈ ਪਰ ਤੁਹਾਨੂੰ ਇਹ ਪੱਕਾ ਕਰਨ ਦੀ ਜ਼ਰੂਰਤ ਹੈ ਕਿ ਇਸ ਨੂੰ ਖਰੀਦਣ ਲਈ ਲੋਕਾਂ ਦੀ ਜ਼ਰੂਰਤ ਜਾਂ ਇੱਛਾ ਹੈ। ਕੋਈ ਕਾਰੋਬਾਰੀ ਮਾਹਿਰ ਜਾਂ ਸਲਾਹਕਾਰ ਤੁਹਾਡੀ ਆਪਣੇ ਅਸਲੀ ਕਾਰੋਬਾਰੀ ਵਿਚਾਰ ਦਾ ਮੁੱਲਾਂਕਣ ਕਰਨ ਜਾਂ ਇਸ ਨੂੰ ਨਿਖਾਰਨ ਵਿੱਚ ਮਦਦ ਕਰ ਸਕਦਾ ਹੈ।

ਕੀ ਲੋਕ ਤੁਹਾਡੇ ਉਤਪਾਦ ਜਾਂ ਸੇਵਾ ਲਈ ਪੈਸਾ ਲਾਉਣ ਨੂੰ ਤਿਆਰ ਹੋਣਗੇ?

ਸ਼ਾਨਦਾਰ ਵਿਚਾਰਾਂ ਤੋਂ ਕਾਮਯਾਬ ਕਾਰੋਬਾਰ ਤਦ ਹੀ ਉਪਜ ਸਕਦੇ ਹਨ ਜੇ ਲੋਕ ਉਤਪਾਦ ਜਾਂ ਸੇਵਾ ਲਈ ਪੈਸੇ ਅਦਾ ਕਰਨ ਲਈ ਤਿਆਰ ਹੋਣ।

 • ਸ਼ੂਰੂ ਕਰੋ ਆਪਣੀ ਟੀਚਾ (ਟਾਰਗਿਟ) ਮਾਰਕੀਟ ਦੀ ਪਛਾਣ ਤੋਂ। ਕੀ ਤੁਸੀਂ ਜਵਾਨ ਲੋਕਾਂ, ਬਾਲਗ਼, ਬਿਰਧ ਜਾਂ ਹਰੇਕ ਨੂੰ ਵਿਕਰੀ ਕਰਨੀ ਚਾਹੁੰਦੇ ਹੋ? ਕੀ ਤੁਹਾਡਾ ਉਤਪਾਦ ਬੁਨਿਆਦੀ ਤੌਰ `ਤੇ ਔਰਤਾਂ ਲਈ ਹੈ, ਜਾਂ ਮਰਦਾਂ ਲਈ, ਜਾਂ ਦੋਵਾਂ ਲਈ? ਕੀ ਤੁਸੀਂ ਨਿਜੀ ਵਿਅਕਤੀਆਂ ਨੂੰ ਵਿਕਰੀ ਕਰੋਂਗੇ ਜਾਂ ਕਾਰੋਬਾਰਾਂ ਨੂੰ ਜਾਂ ਸਰਕਾਰ ਨੂੰ? ਤੁਹਾਡਾ ਉਤਪਾਦ ਜਾਂ ਸੇਵਾ ਖਰੀਦਣ ਦੇ ਸਮਰੱਥ ਹੋਣ ਲਈ ਲੋਕਾਂ ਨੂੰ ਆਮਦਨ ਦੇ ਕਿਹੜੇ ਪੱਧਰ ਦੀ ਲੋੜ ਪਵੇਗੀ?
 • ਜਦ ਤੁਸੀਂ ਇਹ ਜਾਣ ਲੈਂਦੇ ਹੋ ਕਿ ਵਿਕਰੀ ਕਿਸ ਨੂੰ ਕਰਨੀ ਹੈ, ਫਿਰ ਤੁਹਾਨੂੰ ਇਹ ਪਤਾ ਕਰਨ ਲਈ ਮਾਰਕੀਟ ਦੀ ਕੁੱਝ ਪੜਤਾਲ ਕਰਨੀ ਚਾਹੀਦੀ ਹੈ ਕਿ ਤੁਹਾਡੀ ਟੀਚੇ ਦੀ ਮਾਰਕੀਟ ਤੁਹਾਡਾ ਉਤਪਾਦ ਜਾਂ ਸੇਵਾ ਖਰੀਦਣ ਵਿੱਚ ਦਿਲਚਸਪੀ ਵੀ ਰੱਖਦੀ ਹੈ ਜਾਂ ਨਹੀਂ, ਅਤੇ ਇਸ ਲਈ ਉਹ ਕਿੰਨ੍ਹਾ ਕੁ ਮੁੱਲ ਦੇਣ ਲਈ ਤਿਆਰ ਹੋਣਗੇ?
 • ਜੇ ਤੁਹਾਡਾ ਉਤਪਾਦ ਜਾਂ ਸੇਵਾ ਕੋਈ ਅਜਿਹੀ ਚੀਜ਼ ਹੋਵੇ ਜਿਸ ਨੂੰ ਖਰੀਦਣ ਵਿੱਚ ਲੋਕਾਂ ਦੀ ਦਿਲਚਸਪੀ ਹੋਵੇ, ਪਰ ਉਹ ਇਸ ਦਾ ਮੁੱਲ ਨਾ ਤਾਰਨਾ ਚਾਹੁੰਦੇ ਹੋਣ, ਤੁਸੀਂ ਕਾਰੋਬਾਰ ਦੇ ਬਦਲਵੇਂ ਮਾਡਲਾਂ `ਤੇ ਵਿਚਾਰ ਕਰ ਸਕਦੇ ਹੋ। ਕਈ ਕਾਰੋਬਾਰ ਆਪਣੀਆਂ ਸੇਵਾਵਾਂ ਮੁਫ਼ਤ ਜਾਂ ਘੱਟ ਕੀਮਤ `ਤੇ ਪੇਸ਼ ਕਰਦੇ ਹਨ ਪਰ ਉਹ ਇਸ਼ਤਿਹਾਰਬਾਜ਼ੀ ਵਰਗੇ ਹੋਰਨਾ ਸਾਧਨਾਂ ਤੋਂ ਕਮਾਈ ਕਰ ਸਕਣ ਦੇ ਕਾਬਲ ਹੁੰਦੇ ਹਨ।

ਤੁਹਾਡਾ ਗਾਹਕ ਕੌਣ ਹੈ?

ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਚੀਜ਼ ਦੀ ਵਿਕਰੀ ਕਰ ਸਕੋਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਵਿਕਰੀ ਕਰ ਕਿਸ ਨੂੰ ਰਹੇ ਹੋ। ਜੇ ਤੁਸੀਂ ਟੀਚੇ ਦੀ ਮਾਰਕੀਟ ਨਹੀਂ ਚੁਣਦੇ ਤਾਂ ਹੋ ਸਕਦਾ ਹੈ ਕਿ ਤੁਸੀਂ ਅਨੇਕਾਂ ਹੀ ਵੱਖ-ਵੱਖ ਗਾਹਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰੋ ਅਤੇ ਅਖ਼ੀਰ ਵਿੱਚ ਤੁਹਾਡੇ ਉਤਪਾਦਨ ਨੂੰ ਪਸੰਦ ਕਰਨ ਵਾਲਾ ਜਾਂ ਸੇਵਾ ਦੀ ਲੋੜ ਵਾਲਾ ਕੋਈ ਰਹੇ ਹੀ ਨਹੀਂ।

ਪੜਤਾਲ ਰਾਹੀਂ ਤੁਸੀਂ ਉਸ ਉਮਰ ਵਰਗ, ਔਰਤ ਜਾਂ ਮਰਦ ਵਰਗ, ਜੀਵਨ-ਸ਼ੈਲੀ, ਅਤੇ ਆਬਾਦੀ ਨਾਲ ਸੰਬੰਧਤ ਲੋਕਾਂ ਦੀਆਂ ਖਾਸੀਅਤਾਂ ਦੀ ਸ਼ਨਾਖ਼ਤ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਡੇ ਉਤਪਾਦ ਜਾਂ ਸੇਵਾ ਵਿੱਚ ਰੁਚੀ ਵਿਖਾਈ ਹੈ।

ਆਪਣੇ ਗਾਹਕਾਂ ਦੀ ਇੱਕ ਸਾਧਾਰਣ ਰੂਪ-ਰੇਖਾ ਬਣਾਉਣ ਲੱਗਿਆਂ ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੇਠ ਲਿਖੀਆਂ ਹੱਦਾਂ ਨਾਲ ਬਿਆਨ ਕਰੋਂ:

 • ਉਮਰ, ਆਮ ਤੌਰ `ਤੇ ਜ਼ੱਦ (ਜਿਵੇਂ, 20-35 ਸਾਲ) ਵਿੱਚ ਦੱਸੀ ਜਾਂਦੀ ਹੈ
 • ਔਰਤ ਜਾਂ ਮਰਦ
 • ਸ਼ਾਦੀ-ਸ਼ੁਦਾ ਹੋਣ ਦੀ ਹੈਸੀਅਤ
 • ਘਰ ਕਿਸ ਜਗ੍ਹਾ ਹੈ
 • ਪਰਿਵਾਰ ਦਾ ਆਕਾਰ, ਅਤੇ ਵੇਰਵਾ
 • ਆਮਦਨ, ਖਾਸ ਕਰ ਕੇ ਨਿਰਵਰਤੋਂ ਵਾਲੀ (ਜਿਹੜੀ ਖ਼ਰਚਣ ਲਈ ਉਪਲਬਧ ਹੋਵੇ)
 • ਪੜ੍ਹਾਈ ਦਾ ਪੱਧਰ, ਆਮ ਤੌਰ `ਤੇ ਪਾਸ ਕੀਤੇ ਆਖ਼ਰੀ ਪੱਧਰ ਤਕ
 • ਪੇਸ਼ਾ
 • ਦਿਲਚਸਪੀਆਂ, ਖ਼ਰੀਦਾਰੀ ਦੀ ਰੂਪ-ਰੇਖਾ (ਉਹ ਕੀ ਖਰੀਦਦੇ ਜਾਂ ਚਾਹੁੰਦੇ ਹਨ?)
 • ਸੱਭਿਆਚਾਰਕ, ਨਸਲੀ ਅਤੇ ਜਾਤੀਗਤ ਪਿਛੋਕੜ

ਮਿਸਾਲ ਵਜੋਂ, ਕੱਪੜੇ ਦਾ ਕੋਈ ਨਿਰਮਾਤਾ ਰਿੜ੍ਹਨ ਵਾਲੇ ਬਾਲਾਂ, ਖਿਡਾਰੀਆਂ ਜਾਂ ਕਿਸ਼ੋਰਾਂ ਦੀ ਸੰਭਾਵੀ ਟੀਚਾ ਮਾਰਕੀਟਾਂ ਵਜੋਂ ਵਿਚਾਰ ਕਰ ਸਕਦਾ ਹੈ। ਆਪਣੀਆਂ ਸੰਭਾਵੀ ਮਾਰਕੀਟ ਵਿੱਚੋਂ ਹਰ ਇੱਕ ਦੀ ਇੱਕ ਰੂਪ-ਰੇਖਾ ਤਿਆਰ ਕਰ ਕੇ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਕਿਹੜੀ ਹਕੀਕੀ, ਘੱਟ ਜ਼ੋਖਮ ਵਾਲੀ, ਜਾਂ ਮੁਨਾਫ਼ਾ ਦੇਣ ਵਾਲੀ ਹੈ। ਸਭ ਤੋਂ ਵੱਧ ਸੰਭਾਵਨਾ ਵਾਲੇ ਗਰੁੱਪਾਂ ਦਾ ਇੱਕ ਅਜ਼ਮਾਇਸ਼ੀ ਸਰਵੇਖਣ ਤੁਹਾਨੂੰ ਅਸਲ ਟੀਚਾ ਮੰਡੀਆਂ ਨੂੰ ਗੁੰਜਾਇਸ਼ ਦੀ ਅਣਹੋਂਦ ਵਧੇਰੇ ਹੋਣ ਵਾਲੀਆਂ ਤੋਂ ਨਿਖੇੜਨ ਵਿੱਚ ਵੀ ਮਦਦ ਦੇ ਸਕਦਾ ਹੈ।

ਇੱਕ ਵਾਰੀ ਜਦ ਤੁਸੀਂ ਆਪਣੇ ਟੀਚੇ ਗਾਹਕਾਂ ਨੂੰ ਜਾਣ ਲੈਂਦੇ ਹੋ, ਫਿਰ ਤੁਸੀਂ ਉਨ੍ਹਾਂ ਦੀਆਂ ਲੋੜਾਂ ਅਤੇ ਤਰਜੀਹਾਂ ਬਾਰੇ ਸਿੱਖਣਾ ਚਾਹੋਂਗੇ। ਆਪਣੇ ਸੰਭਾਵੀ ਗਾਹਕਾਂ ਬਾਰੇ ਸਿੱਖੀਆਂ ਜਾਣ ਵਾਲੀਆਂ ਕੁੱਝ ਗੱਲਾਂ ਇਹ ਹਨ:

 • ਉਨ੍ਹਾਂ ਨੂੰ ਅਜਿਹੀਆਂ ਕਿਹੜੀਆਂ ਚੁਣੌਤੀਆਂ ਪੇਸ਼ ਹਨ ਜੋ ਤੁਹਾਡੇ ਉਤਪਾਦ ਜਾਂ ਸੇਵਾ ਨਾਲ ਹੱਲ ਹੋਣਗੀਆਂ?
 • ਇਸ ਉਤਪਾਦ ਜਾਂ ਸੇਵਾ ਬਾਰੇ ਉਨ੍ਹਾਂ ਦੀਆਂ ਲੋੜਾਂ ਅਤੇ ਆਸਾਂ ਕੀ ਹਨ?
 • ਉਹ ਕਿਸ ਤਰ੍ਹਾਂ ਦੀਆਂ ਚੀਜ਼ਾਂ ਲੋਚਦੇ ਹਨ?
 • ਉਹ ਆਪਣਾ ਧਨ ਕਿਨ੍ਹਾਂ ਚੀਜ਼ਾਂ ਉੱਤੇ ਖ਼ਰਚਦੇ ਹਨ?
 • ਉਹ ਖਰੀਦਦਾਰੀ ਕਿੱਥੇ ਕਰਦੇ ਹਨ?
 • ਉਹ ਖ਼ਰਚੇ ਸੰਬੰਧੀ ਫੈਸਲੇ ਕਿਵੇਂ ਕਰਦੇ ਹਨ?

ਯਾਦ ਰੱਖੋ, ਜੇ ਤੁਸੀਂ ਆਪਣੇ ਗਾਹਕਾਂ ਦੀ ਰੂਪ-ਰੇਖਾ ਤਿਆਰ ਕਰਨਾ ਚਾਹੁੰਦੇ ਹੋਵੋਂ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦੇ ਹੋਵੋਂ ਤਾਂ ਤੁਹਾਨੂੰ ਮਾਰਕੀਟ ਦਾ ਅਧਿਐਨ ਕਰਨਾ ਪਵੇਗਾ।

ਕੀ ਤੁਸੀਂ ਮੌਜੂਦ ਕੰਪਨੀਆਂ ਦਾ ਮੁਕਾਬਲਾ ਕਰ ਸਕੋਂਗੇ?

ਜਦ ਤੁਸੀਂ ਜਾਣ ਲੈਂਦੇ ਹੋ ਕਿ ਤੁਹਾਡੇ ਗਾਹਕ ਕੌਣ ਹਨ, ਵੇਖੋ ਕਿ ਹੋਰ ਕੌਣ ਮਿਲਦੇ-ਜੁਲਦੇ ਉਤਪਾਦ ਵੇਚ ਰਿਹਾ ਹੈ ਅਤੇ ਉਹ ਇਨ੍ਹਾਂ ਦੀ ਵਿਕਰੀ ਕਿੱਥੇ ਕਰ ਰਹੇ ਹਨ। ਕੀ ਤੁਸੀਂ ਕਿਸੇ ਅਜਿਹੇ ਪਦਾਰਥ ਦਾ ਮੁਕਾਬਲਾ ਕਰੋਗੇ ਜਿਸ ਦਾ ਪਹਿਲਾਂ ਹੀ ਮੰਡੀਕਰਨ ਹੋ ਚੁੱਕਿਆ ਹੋਵੇ? ਜੇ ਤੁਹਾਡਾ ਵਿਚਾਰ ਕਿਸੇ ਖ਼ਪਤਕਾਰ ਉਤਪਾਦ ਬਾਰੇ ਹੈ ਤਾਂ ਸਟੋਰਾਂ ਜਾਂ ਕੈਟਾਲਾਗਾਂ ਨੂੰ ਪੜਤਾਲੋ ਜਾਂ ਵਪਾਰਕ ਨੁਮਾਇਸ਼ਾਂ ਵਿੱਚ ਜਾ ਕੇ ਪਤਾ ਲਾਓ ਕਿ ਹੋਰ ਕਿਹੜੇ ਉਤਪਾਦ ਉਪਲਬਧ ਹਨ ਅਤੇ ਕਿਹੜੀਆਂ ਕੰਪਨੀਆਂ ਉਨ੍ਹਾਂ ਦਾ ਮੰਡੀਕਰਨ ਕਰਦੀਆਂ ਹਨ। ਤੁਸੀ ਮੌਜੂਦਾ ਅੰਕੜੇ (ਡੇਟਾ) ਦੀ ਵਰਤੋ ਕਰ ਕੇ ਜਾਂ ਆਪਣੇ ਸਰਵੇਖਣ ਦੁਆਰਾ ਇਹ ਕਰ ਸੱਕਦੇ ਹੋ।

ਤੁਹਾਨੂੰ ਆਪਣੇ ਗਾਹਕਾਂ ਨੂੰ ਆਪਣੇ ਪ੍ਰਤੀਯੋਗੀ ਤੋਂ ਖਰੀਦ ਕਰਨ ਦੀ ਜਗ੍ਹਾਂ ਤੁਹਾਡੇ ਤੋਂ ਖਰੀਦਣ ਦਾ ਕਾਰਨ ਵੀ ਦੇਣਾ ਪਵੇਗਾ। ਕੀ ਤੁਹਾਡਾ ਉਤਪਾਦ ਜ਼ਿਆਦਾ ਵਧੀਆ ਹੈ ਜਾਂ ਕੀ ਤੁਹਾਡੀ ਕੀਮਤ ਦੁਸਰੇ ਕਾਰੋਬਾਰਾਂ ਦੀ ਕੀਮਤ ਤੋਂ ਥੋੜ੍ਹੀ ਹੈ? ਧਿਆਨ ਵਿੱਚ ਰੱਖੋ ਕਿ ਨਿਰੀ ਘੱਟ ਕੀਮਤ ਦੀ ਪੇਸ਼ਕਸ਼ ਹਮੇਸ਼ਾ ਕਾਫੀ ਨਹੀਂ ਹੁੰਦੀ। ਗੁਣਤਾ ਅਤੇ ਗਾਹਕ ਸੇਵਾ ਵੀ ਉਪਭੋਕਤਾਵਾਂ ਲਈ ਮਹੱਤਵਪੂਰਣ ਹਨ।

ਤੁਸੀਂ ਆਪਣੇ ਉਤਪਾਦ ਜਾਂ ਸੇਵਾ ਦਾ ਵਿਤਰਣ ਕਿਵੇਂ ਕਰੋਂਗੇ?

ਆਪਣੇ ਉਤਪਾਦ ਜਾਂ ਸੇਵਾ ਦੇ ਵਿਤਰਣ ਲਈ ਤੁਸੀਂ ਖੁਦ ਆਪਣੀ ਕੰਪਨੀ ਸ਼ੁਰੂ ਕਰ ਸਕਦੇ ਹੋ ਅਤੋ ਗਾਹਕਾਂ ਨੂੰ ਸਿੱਧੇ ਵੇਚ ਸਕਦੇ ਹੋ ਜਾਂ ਤੁਸੀਂ ਕਿਸੇ ਦੂਜੀ ਕੰਪਨੀ ਨਾਲ ਕੰਮ ਕਰ ਸਕਦੇ ਹੋ ਜੋ ਤੁਹਾਡੇ ਲਈ ਉਤਪਾਦ ਵੇਚੇਗੀ ਜਾਂ ਸੇਵਾ ਵਿਤਰਨ ਕਰੇਗੀ। ਕਿਸੇ ਦੂਜੀ ਕੰਪਨੀ ਨੂੰ ਆਪਣਾ ਉਤਪਾਦ ਜਾਂ ਸੇਵਾ ਦੇ ਵਿਤਰਨ ਲਈ ਲੱਭਣ ਨਾਲੋਂ ਖੁਦ ਆਪਣੀ ਕੰਪਨੀ ਖੋਲ੍ਹਣਾ ਸੌਖਾ ਹੋ ਸਕਦਾ ਹੈ। ਬਹੁਤੇ ਸੰਭਾਵੀ ਖ਼ਰੀਦਦਾਰ ਕਿਸੇ ਆਜ਼ਾਦ ਵਿਅਕਤੀ ਦੇ ਉਤਪਾਦ ਜਾਂ ਕਾਢ ਨੂੰ ਹਾਸਲ ਕਰਨ ਨਾਲੋਂ ਸਪਲਾਇਰ ਵਜੋਂ ਕੰਮ ਕਰ ਰਹੀ ਕਿਸੇ ਕੰਪਨੀ ਨਾਲ ਵਾਹ ਰੱਖਣ ਨੂੰ ਵਧੇਰੇ ਤਰਜੀਹ ਦਿੰਦੇ ਹਨ।

ਤੁਸੀਂ ਆਪਣੇ ਉਤਪਾਦ ਜਾਂ ਸੇਵਾ ਦਾ ਪ੍ਰਚਾਰ ਕਿਵੇਂ ਕਰੋਂਗੇ?

ਕੋਈ ਵੀ ਵਿਚਾਰ ਜਾਂ ਕਾਢ ਉਦੋਂ ਹੀ ਫ਼ਾਇਦੇਮੰਦ ਹੈ ਜਦੋਂ ਗਾਹਕ ਇਸ ਨੂੰ ਖਰੀਦਣ। ਕੀ ਤੁਸੀਂ ਇਸ ਗੱਲ `ਤੇ ਵਿਚਾਰ ਕੀਤਾ ਹੈ ਕਿ ਗਾਹਕਾਂ ਨੂੰ ਤੁਹਾਡੇ ਉਤਪਾਦ ਜਾਂ ਸੇਵਾ ਬਾਰੇ ਕਿਵੇਂ ਪਤਾ ਲੱਗੇਗਾ? ਕੁੱਝ ਵਿਕਲਪ ਹਨ:

 • ਆੱਨਲਾਈਨ (ਇੰਟਰਨੈੱਟ ਉੱਤੇ)
 • ਵਪਾਰਕ ਨੁਮਾਇਸ਼ਾਂ ਉੱਤੇ ਅਤੇ ਵਪਾਰਕ ਜੱਥੇਬੰਦੀਆਂ ਰਾਹੀਂ
 • ਅਖ਼ਬਾਰਾਂ, ਰੇਡੀਓ ਜਾਂ ਟੈਲੀਵਿਯਨ ਉੱਤੇ ਇਸ਼ਤਿਹਾਰਬਾਜ਼ੀ ਰਾਹੀਂ
 • ਪਰਚੇ ਅਤੇ ਬਿਜ਼ਨਿਸ ਕਾਰਡ ਵੰਡਣ ਰਾਹੀਂ

ਕੀ ਤੁਹਾਨੂੰ ਆਪਣੇ ਵਿਚਾਰ ਜਾਂ ਕਾਢ ਲਈ ਬੌਧਿਕ ਜਾਇਦਾਦ ਵਜੋਂ ਹਿਫਾਜ਼ਤ ਚਾਹੀਦੀ ਹੈ?

ਤੁਸੀਂ ਸ਼ਾਇਦ ਆਪਣੇ ਵਿਚਾਰ, ਕਾਢ ਜਾਂ ਉਤਪਾਦ ਨੂੰ ਦੂਜਿਆਂ ਵੱਲੋਂ ਨਕਲ ਕੀਤੇ ਜਾਣ ਤੋਂ ਬਚਾਉਣਾ ਚਾਹੋ। ਬੌਧਿਕ ਜਾਇਦਾਦ ਵਿੱਚ ਤੁਹਾਡੇ ਉਤਪਾਦ ਡਿਜਾਇਨ, ਤੁਹਾਡੇ ਬਿਜ਼ਨਿਸ ਲੋਗੋ ਅਤੇ ਨਾਹਰੇ ਜਾਂ ਤੁਹਾਡੀ ਅਸਲ ਲਿਖਤ ਸਾਮਗ੍ਰੀ ਹੋ ਸਕਦੀ ਹੈ। ਇਹ ਫੈਸਲਾ ਕਰੋ ਕਿ ਕੀ ਤੁਸੀਂ ਆਪਣੀ ਬੌਧਿਕ ਜਾਇਦਾਦ ਦੀ ਰੱਖਿਆ ਕਰਨੀ ਚਾਹੁੰਦੇ ਹੋ ਅਤੇ ਅਜਿਹਾ ਇਹ ਪਤਾ ਲਾ ਕੇ ਕਿ ਕਰੋ ਕਿ ਕੀ ਸ਼ਾਮਲ ਹੈ, ਖਰਚੇ ਕੀ ਹਨ ਅਤੇ ਇਹ ਕਿਸ ਤਰ੍ਹਾਂ ਕਰਨਾ ਹੈ।

ਕੀ ਕੋਈ ਬੰਦਸ਼ਾਂ ਜਾਂ ਜ਼ਿੰਮੇਵਾਰੀਆਂ ਹਨ ਜਿਹੜੀਆਂ ਤੁਹਾਡੇ ਵਿਚਾਰ ਨੂੰ ਮਹਿਦੂਦ ਕਰ ਸਕਣ?

ਆਪਣੇ ਕਾਰੋਬਾਰੀ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਕੀ ਅਜਿਹੇ ਕੋਈ ਸਰਕਾਰੀ ਨਿਯਮ ਮੌਜੂਦ ਹਨ ਜੋ ਤੁਹਾਨੂੰ ਤੁਹਾਡੇ ਪ੍ਰਸਤਾਵਿਤ ਉਤਪਾਦ ਜਾਂ ਸੇਵਾ ਜਾਂ ਤੁਹਾਡੇ ਵਪਾਰ ਦੇ ਸੰਚਾਲਨ ਤੋਂ ਰੋਕ ਸਕਦੇ ਹਨ ਜਾਂ ਇਸ ਨੂੰ ਸੀਮਤ ਕਰ ਸਕਦੇ ਹਨ। ਵੱਖਰੇ ਪ੍ਰਕਾਰ ਦੇ ਵਪਾਰਾਂ, ਵੱਖਰੀ ਗਤੀਵਿਧੀਆਂ ਅਤੇ ਵੱਖਰੇ ਸਥਾਨਾਂ ਲਈ ਵੱਖ-ਵੱਖ ਨਿਯਮ ਅਤੇ ਲਾਇਸੰਸ ਦੀਆਂ ਜਰੂਰਤਾਂ ਹਨ। ਇਹ ਪੱਕਾ ਕਰੋ ਕਿ ਤੁਸੀਂ ਫੈਡਰਲ, ਸੂਬਾਈ ਅਤੇ ਨਗਰ ਨਿਗਮ ਦੇ ਪੱਧਰ ਦੀਆਂ ਸਰਕਾਰਾਂ ਤੋਂ ਇਹ ਪਤਾ ਲਾ ਲਿਆ ਹੈ ਕਿ ਤੁਹਾਡੇ ਕਾਰੋਬਾਰ, ਤੁਹਾਡੇ ਉਤਪਾਦ ਜਾਂ ਤੁਹਾਡੀ ਸਰਵਿਸ `ਤੇ ਕੀ ਲਾਗੂ ਹੋ ਸਕਦਾ ਹੈ।

ਆਪਣੇ ਵਿਚਾਰ ਵਿਕਸਤ ਕਰਨ, ਕਾਰੋਬਾਰ ਸ਼ੁਰੂ ਕਰਨ, ਅਤੇ ਹੋਰ ਕਾਰੋਬਾਰੀ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਲਈ ਅੱਜ ਹੀ Small Business Services / Services aux petites entreprises ਨਾਲ ਸੰਪਰਕ ਕਰੋ। ਟੈਲੀਫ਼ੋਨ ਸੇਵਾਵਾਂ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਉਪਲਬਧ ਹਨ।

Contact us

1-888-576-4444

Contact us by email

ਪੰਜਾਬੀ ਦਸਤਾਵੇਜ