ਆਪਣੇ ਵਪਾਰ ਲਈ ਵਕੀਲ ਨਾਲ ਮਸ਼ਵਰਾ।

ਵਪਾਰ ਦੇ ਮਾਲਕ ਹੋਣ ਵਜੋਂ, ਇਹ ਸਮਝਣਾ ਜ਼ਰੂਰੀ ਹੈ ਕਿ ਵਕੀਲ ਨਾਲ ਮਸ਼ਵਰਾ ਕਰਨਾ ਤੁਹਾਡੇ ਛੋਟੇ ਵਪਾਰ ਵਾਸਤੇ ਸ਼ਾਇਦ ਹਰ ਹਾਲਤ ਵਿਚ ਲਾਹੇਵੰਦ ਹੋਵੇ।

ਆਪਣੇ ਸਾਰੇ ਕਾਨੂੰਨੀ ਕੰਮਾਂ ਨੂੰ ਪਹਿਲਾਂ ਹੀ ਵਕੀਲ ਦੀ ਮਦਦ ਨਾਲ ਢੁੱਕਵੇਂ ਢੰਗ ਨਾਲ ਕਰਨਾ ਸਸਤਾ ਪੈਂਦਾ ਹੈ ਇਸ ਨਾਲੋਂ ਕਿ ਹੋਈਆਂ ਗਲਤੀਆਂ ਨੂੰ ਠੀਕ ਕਰਨ ਲਈ ਮਗਰੋਂ ਵਕੀਲ ਕੀਤਾ ਜਾਵੇ। ਵਕੀਲਾਂ ਨੂੰ ਕਾਨੂੰਨ ਦੀ ਵਿਆਖਿਆ ਕਰਨ ਦੀ ਸਿੱਖਿਆ ਮਿਲ਼ੀ ਹੁੰਦੀ ਹੈ ਅਤੇ ਜਦੋਂ ਤੁਸੀਂ ਵਪਾਰ ਸ਼ੁਰੂ ਕਰੋ ਉਦੋਂ ਉਹ ਕਾਫੀ ਫਾਇਦੇਮੰਦ ਹੋ ਸਕਦੇ ਹਨ। ਕਦੇ ਕਦੇ ਵਪਾਰ ਦੇ ਤਰੀਕੇ ਅਤੇ ਫਾਰਮ ਵਗੈਰਾ ਦੇਖਣ ਨੂੰ ਸੁਖਾਲੇ ਲੱਗਦੇ ਹਨ, ਪਰ ਸੁਖਾਲੀਆਂ ਲਗਦੀਆਂ ਕਾਨੂੰਨੀ ਕਾਰਵਾਈਆਂ ਅਸਲ ਵਿਚ ਔਖੀਆਂ ਹੋ ਸਕਦੀਆਂ ਹਨ।

ਤੁਹਾਨੂੰ ਵਕੀਲ ਦੀ ਕਦੋਂ ਲੋੜ ਪੈਂਦੀ ਹੈ?

ਕਈ ਅਜਿਹੀਆਂ ਸਤਿਥੀਆਂ ਹੁੰਦੀਆਂ ਜਿੱਥੇ ਤੁਹਾਨੂੰ ਵਕੀਲ ਨਾਲ ਮਸ਼ਵਰਾ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਵਪਾਰ ਲਈ ਢਾਂਚੇ ਦੀ ਚੋਣ ਕਰਨੀ:

ਅਕਸਰ ਤੁਸੀਂ ਆਪਣੇ ਵਪਾਰ ਦੀਆਂ ਲੋੜਾਂ ਅਨੁਸਾਰ ਕਾਨੂੰਨੀ ਢਾਂਚੇ ਦੀ ਚੋਣ ਕਰਕੇ ਹੀ ਨਵਾਂ ਵਪਾਰ ਸ਼ੁਰੂ ਕਰਦੇ ਹੋ। ਤੁਹਾਡੀਆਂ ਚੋਣਾਂ ਇਕੱਲਿਆਂ ਦੀ ਮਾਲਕੀ, ਅਤੇ ਕਿਸੇ ਨਾਲ ਸਾਂਝ ਤੋਂ ਲੈ ਕੇ ਇਨਕਾਰਪੋਰੇਟਡ ਕੰਪਨੀਆਂ ਅਤੇ ਕੋਓਪਰੇਟਿਵਾਂ ਤੱਕ ਹੋ ਸਕਦੀਆਂ ਹਨ। ਵਕੀਲ ਇਨ੍ਹਾਂ ਗੱਲਾਂ ਕਿ ਕਿੰਨੇ ਲੋਕ ਸ਼ਾਮਲ ਹਨ, ਵਪਾਰ ਦੀ ਕਿਸਮ, ਟੈਕਸ ਦੇ ਮੁੱਦੇ, ਦੇਣਦਾਰੀ ਦੇ ਫਿਕਰ ਅਤੇ ਆਰਥਿਕ ਜ਼ਰੂਰਤਾਂ ਵਲ ਧਿਆਨ ਦੇ ਕੇ ਤੁਹਾਨੂੰ ਕਾਰੋਬਾਰ ਦੇ ਸਹੀ ਢਾਂਚੇ ਦੀ ਚੋਣ ਕਰਨ ਵਿਚ ਮਦਦ ਕਰ ਸਕਦਾ ਹੈ ।

ਪਹਿਲਾਂ ਚੱਲ ਰਿਹਾ ਵਪਾਰ ਖ੍ਰੀਦਣਾ:

ਜੇ ਤੁਸੀਂ ਪਹਿਲਾਂ ਚੱਲ ਰਿਹਾ ਵਪਾਰ ਖ੍ਰੀਦਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ "ਖ੍ਰੀਦਣ ਅਤੇ ਵੇਚਣ" (ਬਾਏ ਐਂਡ ਸੈੱਲ) ਤੇ ਸਮਝੌਤੇ `ਤੇ ਦੋਵਾਂ ਧਿਰਾਂ ਵਲੋਂ ਦਸਤਖਤ ਕਰਵਾਵੋ, ਸਮਝੌਤੇ ਵਿਚ ਦੋਵਾਂ ਦੀਆਂ ਦੀਆਂ ਜ਼ਿੱਮੇਵਾਰੀਆਂ ਅਤੇ ਸ਼ਰਤਾਂ ਦਾ ਵਿਸਥਾਰ ਹੋਵੇ ਅਤੇ ਵਿਕਰੀ ਦੀਆਂ ਜਿਹੜੀਆਂ ਵੀ ਹੋਰ ਸ਼ਰਤਾਂ ਹੋਣ। ਇਸ ਵਿਚ ਵਿਕਰੀ ਨਾਲ ਸਬੰਧਤ ਕਿਸੇ ਪੈਦਾ ਹੋਣ ਵਾਲੇ ਝਗੜੇ ਨੂੰ ਨਿਪਟਾਉਣ ਦਾ ਤਰੀਕਾ ਵੀ ਸ਼ਾਮਿਲ ਹੋ ਸਕਦਾ ਹੈ।

ਪਟੇ `ਤੇ ਲੈਣ ਸਬੰਧੀ ਜ਼ਰੂਰਤਾਂ (ਲੀਜ਼ਿੰਗ ਰਿਕੁਆਇਰਮੈਂਟਸ)

ਜ਼ਿਆਦਾਤਰ ਛੋਟੇ ਵਪਾਰ ਆਪਣੇ ਵਪਾਰ ਵਾਲੀ ਥਾਂ ਪਟੇ (ਲੀਜ਼) `ਤੇ ਲੈਂਦੇ ਹਨ। ਪਰ, ਪੱਟਿਆਂ ਦਾ ਖਰਚਾ ਤੁਹਾਡੇ ਸਭ ਤੋਂ ਜ਼ਿਆਦਾ ਖਰਚਿਆਂ ਵਿਚੋਂ ਹੋ ਸਕਦਾ ਹੈ। ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡੇ ਪੱਟੇ ਵਿਚ ਲਚਕ ਹੋਵੇ ਜੇ ਤੁਸੀਂ ਆਪਣਾ ਵਪਾਰ ਵਧਾਉਣਾ ਹੋਵੇ ਜਾਂ ਬਦਲਣਾ ਹੋਵੇ। ਵਕੀਲ ਤੁਹਾਨੂੰ ਲੀਜ਼ `ਤੇ ਦਸਤਖਤ ਕਰਨ ਤੋਂ ਪਹਿਲਾਂ ਵਿਸ਼ੇਸ਼ ਸਲਾਹ ਵੀ ਦੇ ਸਕਦਾ ਹੈ।

ਠੇਕੇ (ਕੰਟਰੈਕਟ)

ਜਦੋਂ ਤੁਸੀਂ ਕਾਨੂੰਨੀ ਠੇਕਿਆਂ ਬਾਰੇ ਗੱਲ ਕਰ ਰਹੇ ਹੋਵੋ ਤਾਂ ਦਸਤਖਤ ਕਰਨ ਤੋਂ ਪਹਿਲਾਂ ਵਕੀਲ ਦਾ ਮਸ਼ਵਰਾ ਲੈ ਲੈਣਾ ਚੰਗੀ ਗੱਲ ਹੁੰਦੀ ਹੈ। ਜਿੱਥੇ ਵਕੀਲ ਤੁਹਾਡੀ ਮਦਦ ਕਰ ਸਕਦਾ ਹੈ ਉਨ੍ਹਾਂ ਠੇਕਿਆਂ ਦੀਆਂ ਕੁਝ ਉਦਾਹਰਨਾਂ ਵਿਚ ਸ਼ਾਮਲ ਹਨ:

 • ਲਾਇਸੰਸ ਦੇ ਸਮਝੌਤੇ
 • ਫਰੈਨਚਾਈਜ਼ ਦੇ ਸਮਝੌਤੇ
 • ਰੁਜ਼ਗਾਰ ਦੇ ਠੇਕੇ
 • ਸਬਕਾਂਟਰੈਕਟਰ ਸਮਝੌਤੇ
 • ਸਾਂਝ (ਪਾਰਟਨਰਸ਼ਿੱਪ) ਇਨਕਾਰਪੋਰੇਸ਼ਨ ਜਾਂ ਹਿੱਸੇਦਾਰਾਂ ਦੇ ਸਮਝੌਤੇ
 • ਪੱਟਿਆਂ ਦੇ ਸਮਝੌਤੇ
 • ਮੋਰਗੇਜ਼, ਖ੍ਰੀਦਦਾਰੀ ਦੇ ਸਮਝੌਤੇ

ਇਕੁਇਟੀ ਫਾਈਨੈਂਸਿੰਗ

ਜੇ ਤੁਸੀਂ ਆਪਣੇ ਵਪਾਰ ਵਾਸਤੇ ਇਕੁਇਟੀ ਫਾਈਨੈਂਸਿੰਗ ਲੈਣ ਦਾ ਇਰਾਦਾ ਰੱਖਦੇ ਹੋ ਤਾਂ ਵਕੀਲ ਤੁਹਾਡੇ ਹਿੱਸੇਦਾਰੀ ਸਮਝੌਤੇ ਦੀਆਂ ਸ਼ਰਤਾਂ ਲਿਖਣ ਅਤੇ ਸੰਭਾਵੀ ਨਿਵੇਸ਼ਕਾਰਾਂ ਵਲੋਂ ਦਿੱਤੇ ਕਾਨੂੰਨੀ ਦਸਤਾਵੇਜ਼ ਦਾ ਪੁਨਰ ਨਿਰੀਖਣ ਕਰਨ ਵਿਚ ਮਦਦ ਕਰ ਸਕਦਾ ਹੈ। ਤੁਹਾਡਾ ਵਕੀਲ ਇਸ ਗੱਲ ਦਾ ਅੰਦਾਜ਼ਾ ਲਾਉਣ ਵਿਚ ਵੀ ਮਦਦ ਕਰ ਸਕਦਾ ਹੈ ਕਿ ਹਿੱਸੇਦਾਰੀ ਸਮਝੋਤਾ ਦੂਜੀਆਂ ਜ਼ਿੰਮੇਵਾਰੀਆਂ ਅਤੇ ਕਾਮਿਆਂ ਨਾਲ, ਸਪਲਾਇਰਾਂ ਨਾਲ ਜਾਂ ਫਾਈਨੈਂਸ਼ੀਅਲ ਅਦਾਰਿਆਂ ਨਾਲ ਪਹਿਲਾਂ ਹੋਏ ਠੇਕਿਆਂ ਉੱਪਰ ਕਿਸ ਤਰ੍ਹਾਂ ਅਸਰ ਪਾਵੇਗਾ।

ਦੂਜੇ ਹੋਰ ਮਸਲੇ ਜਿਨ੍ਹਾਂ ਲਈ ਕਾਨੂੰਨੀ ਸਲਾਹ ਦੀ ਲੋੜ ਹੁੰਦੀ ਹੈ:

ਦੂਜੇ ਹੋਰ ਕਈ ਮਸਲੇ ਹੋ ਸਕਦੇ ਹਨ ਜਿੱਥੇ ਤੁਸੀਂ ਵਕੀਲ ਤੋਂ ਸਲਾਹ ਲੈ ਸਕਦੇ ਹੋ ਇਹ ਪੱਕਾ ਕਰਨ ਲਈ ਕਿ ਤੁਹਾਡੇ ਵਾਸਤੇ ਸਭ ਤੋਂ ਵਧੀਆ ਤਰੀਕਾ ਕੀ ਹੈ, ਸਣੇ:

 • ਵਾਤਾਵਰਨ ਸਬੰਧੀ ਸ਼ਿਕਾਇਤਾਂ ਜਾਂ ਫਿਕਰ
 • ਕਾਮਿਆਂ ਨਾਲ ਸਬੰਧਤ ਸਮੱਸਿਆਵਾਂ ਜਾਂ ਝਗੜੇ
 • ਵਪਾਰ ਦੇ ਸਾਂਝੀਆਂ ਦਰਮਿਆਨ ਅਸਹਿਮਤੀਆਂ
 • ਆਪਣੇ ਵਪਾਰ ਨੂੰ ਬੰਦ ਕਰਨਾ
 • ਆਪਣੀ ਬੌਧਿਕ ਜਾਇਦਾਦ (ਇੰਟਲੈਕਚੂਅਲ ਪ੍ਰਾਪਰਟੀ) ਨੂੰ ਸੁਰੱਖਿਅਤ ਰੱਖਣਾ

ਜੇ ਤੁਹਾਡੇ ਵਪਾਰ ਦੇ ਅਮਲ ਸਬੰਧੀ ਕਾਨੂੰਨੀ ਤੌਰ `ਤੇ ਸਵਾਲ ਉੱਠਦੇ ਹੋਣ ਜਾਂ ਤੁਹਾਨੂੰ ਵਪਾਰ ਦੇ ਕਿਸੇ ਕੰਮ ਦੇ ਕਾਨੂੰਨੀ ਪੱਖ ਬਾਰੇ ਪੂਰੀ ਤਰ੍ਹਾਂ ਪਤਾ ਨਾ ਹੋਵੇ, ਤਾਂ ਤੁਹਾਨੂੰ ਵਕੀਲ ਦਾ ਮਸ਼ਵਰਾ ਲੈਣਾ ਚਾਹੀਦਾ ਹੈ।

ਵਕੀਲ ਦੀ ਚੋਣ ਕਰਨਾ

ਜੇ ਤੁਸੀਂ ਕਿਸੇ ਵਕੀਲ ਨਾਲ ਰੀਅਲ ਅਸਟੇਟ ਵਿਕਰੀ ਜਾਂ ਹੋਰ ਕਿਸੇ ਜ਼ਾਤੀ ਮਸਲੇ ਬਾਰੇ ਕੰਮ ਕੀਤਾ ਹੋਵੇ ਤਾਂ ਉਹ ਤੁਹਾਨੂੰ ਵਪਾਰ ਨਾਲ ਸਬੰਧਤ ਕਿਸੇ ਵਕੀਲ ਦਾ ਪਤਾ ਦੇ ਸਕਦਾ/ਸਕਦੀ ਹੈ। ਤੁਸੀਂ ਆਪਣੀ ਜਾਣ ਪਛਾਣ ਦੇ ਲੋਕਾਂ ਨਾਲ ਗੱਲ ਕਰੋ ਇਹ ਜਾਨਣ ਲਈ ਕਿ ਕੀ ਉਹ ਕਿਸੇ ਕਾਨੂੰਨੀ ਫਰਮ ਬਾਰੇ ਸੁਝਾਅ ਦੇ ਸਕਦੇ ਹਨ ਜਿਹਦੇ ਨਾਲ ਉਨ੍ਹਾਂ ਨੇ ਪਹਿਲਾਂ ਕਾਮਯਾਬੀ ਨਾਲ ਕੰਮ ਕੀਤਾ ਹੋਵੇ। ਬਹੁਤੇ ਵਕੀਲ ਤੁਹਾਡੇ ਨਾਲ ਪਹਿਲਾਂ ਬਿਨਾਂ ਫੀਸ ਲਿਆਂ ਗੱਲ ਕਰ ਲੈਣਗੇ ਇਹ ਤਹਿ ਕਰਨ ਲਈ ਕਿ ਤੁਸੀਂ ਇਕ ਦੂਜੇ ਤੋਂ ਕੀ ਆਸ ਰੱਖ ਸਕਦੇ ਹੋ।

ਇਕ ਆਮ ਵਪਾਰ ਨਾਲ ਸਬੰਧਤ ਵਕੀਲ ਆਮ ਤੌਰ `ਤੇ ਤੁਹਾਡੇ ਰੋਜ਼ਾਨਾ ਦੇ ਕਾਰੋਬਾਰ ਦਾ ਕੰਮ ਨਿਪਟਾ ਸਕਦਾ ਹੈ। ਜੇ ਤੁਹਾਨੂੰ ਵਪਾਰ ਸਬੰਧੀ ਹੋਰ ਗੁੰਝਲਦਾਰ ਵਿਸ਼ਿਆਂ ਬਾਰੇ ਮਦਦ ਦੀ ਲੋੜ ਹੋਵੇ, ਜਿਵੇਂ ਕਿ ਇਕੁਇਟੀ ਫਾਈਨੈਂਸਿੰਗ ਜਾਂ ਬੌਧਿਕ ਜਾਇਦਾਦ, ਤੁਸੀਂ ਕਿਸੇ ਹੋਰ ਵਕੀਲ ਨੂੰ ਵੀ ਕਰ ਸਕਦੇ ਹੋ ਜਿਹੜਾ ਇਨ੍ਹਾਂ ਕੰਮਾਂ ਦਾ ਮਾਹਰ ਹੋਵੇ।

ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਆਪਣੇ ਵਕੀਲ ਵਲੋਂ ਫੀਸ ਲੈਣ ਦੇ ਅਮਲ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਜੇ ਤੁਸੀਂ ਸੋਚਦੇ ਹੋਵੋ ਕਿ ਤੁਹਾਨੂੰ ਤੁਹਾਡੇ ਵਪਾਰ ਵਿੱਚੋਂ ਠਹਿਰ ਕੇ ਪੈਸੇ ਬਣਨ ਲਗਣੇ ਹਨ ਤਾਂ ਇਸ ਬਾਰੇ ਪਹਿਲਾਂ ਹੀ ਆਪਣੇ ਵਕੀਲ ਨਾਲ ਤਹਿ ਕਰ ਲਵੋ।

ਛੋਟੇ ਵਪਾਰ ਅਤੇ ਵਪਾਰ ਸਬੰਧੀ ਹੋਰ ਵਿਸ਼ਿਆਂ ਬਾਰੇ ਮਦਦ ਲੈਣ ਲਈ ਹੋਰ ਜਾਣਕਾਰੀ ਵਾਸਤੇ, Small Business Services / Services aux petites entreprises ਨਾਲ ਅੱਜ ਹੀ ਸੰਪਰਕ ਕਰੋ। ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਅਤੇ ਫਰਾਂਸੀਸੀ ਵਿਚ ਉਪਲੱਬਧ ਹਨ।

Contact us

1-888-576-4444

Contact us by email

ਪੰਜਾਬੀ ਦਸਤਾਵੇਜ