ਜਗ੍ਹਾ ਵੇਖਣੀ ਅਤੇ ਸਥਾਪਤ ਕਰਨੀ

ਇਸ ਗੱਲ ਦਾ ਵਿਚਾਰ ਕਰਨ ਲੱਗਿਆਂ ਕਿ ਆਪਣਾ ਕਾਰੋਬਾਰ ਕਿੱਥੇ ਕਰੀਏ ਅਤੇ ਆਪਣੇ ਦਫ਼ਤਰ, ਸਟੋਰ ਜਾਂ ਪਰਿਸਰ ਦਾ ਇੰਤਜ਼ਾਮ ਕਿਵੇਂ ਕਰੀਏ, ਅਨੇਕਾਂ ਗੱਲਾਂ ਵਿਚਾਰ ਕੀਤੇ ਜਾਣ ਲਾਇਕ ਹੁੰਦੀਆਂ ਹਨ।

ਸਟੋਰ ਦਾ ਮੁਕਾਮ

ਇੱਕ ਕਾਰੋਬਾਰੀ ਮਾਲਕ ਦੇ ਤੌਰ `ਤੇ ਇਹ ਜਾਣ ਲੈਣਾ ਅਹਿਮ ਹੈ ਕਿ ਸਟੋਰ ਦਾ ਮੁਕਾਮ ਤੁਹਾਡੇ ਕਾਰੋਬਾਰ ਦੇ ਕਾਮਯਾਬ ਹੋਣ ਜਾਂ ਨਾਕਾਮ ਹੋਣ `ਤੇ ਅਸਰ ਪਾ ਸਕਦਾ ਹੈ।

ਮੁਕਾਮ ਚੁਣਨ ਲੱਗਿਆਂ ਚਾਰ ਤੱਤਾਂ `ਤੇ ਵਿਚਾਰ ਕਰਨਾ ਚਾਹੀਦਾ ਹੈ:

  • ਜ਼ੋਨ ਦੀ ਕਿਸਮ: ਇਹ ਗੱਲ ਪੱਕੀ ਕਰ ਲਵੋ ਕਿ ਇਲਾਕਾ ਤੁਹਾਡੇ ਕਾਰੋਬਾਰ ਦੀ ਕਿਸਮ ਲਈ ਪ੍ਰਵਾਨਤ ਹੈ।
  • ਆਬਾਦੀ ਦੀ ਬਣਤਰ: ਇਹ ਤੈਅ ਕਰ ਲਵੋ ਕਿ ਕੀ ਸਥਾਨਕ ਆਬਾਦੀ ਦੀ ਬਣਤਰ ਤੁਹਾਡੇ ਕਾਰੋਬਾਰ ਲਈ ਸਹੀ ਬੈਠਦੀ ਹੈ (ਜਿਵੇਂ ਆਬਾਦੀ ਦੀ ਉਮਰ, ਆਮਦਨ, ਅਤੇ ਨਿਵਾਸੀਆਂ ਦੇ ਪਰਿਵਾਰ ਦਾ ਆਕਾਰ)।
  • ਆਵਾਜਾਈ ਦਾ ਵਿਸ਼ੇਸ਼ਣ: ਆਪਣੇ ਆਪ ਨੂੰ ਪੁੱਛੋ ਕਿ ਕੀ ਵੱਧ ਜਾਂ ਘੱਟ ਆਵਾਜਾਈ ਦਾ ਖੇਤਰ ਤੁਹਾਡੇ ਕਾਰੋਬਾਰ ਲਈ ਵਧੀਆ ਰਹੇਗਾ । ਵਿਚਾਰ ਕਰੋ ਕਿ ਕੀ ਇੱਥੇ ਜਨਤਕ ਆਵਾਜਾਈ ਸੁਲੱਭ ਹੈ ਜਾਂ ਨਹੀਂ ਅਤੇ ਕੀ ਤਹਾਨੂੰ ਪਾਰਕਿਂਗ ਦੀ ਲੋੜ ਹੈ ।
  • ਮੁਕਾਬਲਾ: ਇਹ ਗੱਲ ਪੱਕੀ ਕਰ ਲਵੋ ਕਿ ਨੇੜੇ ਦੇ ਕਿਸੇ ਵੀ ਸਟੋਰ ਦਾ ਤੁਹਾਡੇ ਕਾਰੋਬਾਰ ਨਾਲ ਸਿੱਧਾ ਮੁਕਾਬਲਾ ਨਾ ਹੋਵੇ।

ਖਾਸ ਕਿਸਮ ਦੇ ਸਟੋਰਾਂ ਲਈ ਤੁਹਾਡੇ ਵੱਲੋਂ ਵਿਚਾਰਨ ਵਾਲੀਆਂ ਗੱਲਾਂ ਦੀਆਂ ਕੁੱਝ ਉਦਾਹਰਣਾਂ ਇਹ ਹਨ:

  • ਕਨਵੀਨੀਐਂਸ ਸਟੋਰ (ਸੁਪਰਮਾਰਕੀਟਾਂ, ਧਾਤੀ ਵਸਤਾਂ, ਬੇਕਰੀਆਂ, ਦਵਾਫਰੋਸ਼): ਜੇ ਤੁਹਾਡਾ ਕੋਈ ਕਨਵੀਨੀਐਂਸ ਸਟੋਰ ਹੈ, ਤੁਸੀਂ ਕਿਸੇ ਰੁਝੇਵੇਂ-ਭਰੀ ਮਾਲ ਜਾਂ ਕਿਸੇ ਹੋਰ ਵੱਧ ਆਵਾਜਾਈ ਵਾਲਾ ਇਲਾਕਾ ਲੱਭ ਸਕਦੇ ਹੋ। ਗਾਹਕ ਇੱਕ ਹੀ ਥਾਂ ਤੋਂ ਅਨੇਕਾਂ ਵਸਤਾਂ ਖਰੀਦਣੀਆਂ ਪਸੰਦ ਕਰਦੇ ਹਨ ਇਸ ਲਈ ਪੂਰਕ ਸਟੋਰਾਂ ਦੇ ਨਾਲ-ਨਾਲ ਸਥਿਤ ਹੋਣ ਨਾਲ ਕਾਰੋਬਾਰ ਵਧਾਉਣ ਵਿੱਚ ਮਦਦ ਮਿਲਦੀ ਹੈ।
  • ਖਾਸੀਅਤਾਂ ਵਾਲੇ ਸਟੋਰ (ਨਿਰਾਲੇ, ਦੁਰਲੱਭ ਉਤਪਾਦ ਵੇਚਣ ਵਾਲ਼ੇ): ਜੇ ਤੁਹਾਡਾ ਕੋਈ “ਸਪੈਸ਼ਿਐਲਿਟੀ ਸਟੋਰ” ਹੋਵੇ ਅਤੇ ਤੁਹਾਡੇ ਉਤਪਾਦ ਵਧੇਰੇ ਨਿਰਾਲੇ ਹੋਣ ਤਾਂ ਗਾਹਕ ਅਕਸਰ ਵਲ਼-ਫ਼ੇਰ ਪਾ ਕੇ ਵੀ ਤੁਹਾਡੇ ਤਕ ਪਹੁੰਚਣਾ ਚਾਹੁੰਦੇ ਹਨ।
  • ਪ੍ਰਚੂਨ ਸਟੋਰ (ਕੱਪੜੇ, ਵੱਡੇ ਐਪਲਾਇੰਸ ਵਗੈਰ੍ਹਾਂ): ਜੇ ਤੁਹਾਡਾ ਕਾਰੋਬਾਰ ਕਿਸੇ ਪ੍ਰਚੂਨ ਸਟੋਰ ਦਾ ਹੈ, ਤੁਸੀਂ ਕਿਸੇ ਅਜਿਹੇ ਸ਼ਾਪਿੰਗ ਸੈਂਟਰ ਵਿੱਚ ਜਗ੍ਹਾ ਤਲਾਸ਼ ਸਕਦੇ ਹੋ ਜਿੱਥੇ ਖਰੀਦ ਕਰਨ ਤੋਂ ਪਹਿਲਾਂ ਗਾਹਕ ਨੂੰ ਘੁੰਮ-ਫਿਰ ਕੇ ਵਸਤਾਂ ਵੇਖਣ ਦੀ ਸਹੂਲਤ ਮਿਲੇ। ਵਿਲਾਸਤਾਪੂਰਨ ਸਾਮਾਨ ਆਮ ਤੌਰ `ਤੇ ਮਹਿੰਗਾ ਵਿਕਦਾ ਹੈ। ਸ਼ਾਪਿੰਗ ਮਾਲਾਂ ਵਿੱਚ ਸਥਿਤ ਪ੍ਰਚੂਨ ਸਟੋਰ ਮੁਕਾਬਲਾ ਪ੍ਰਦਾਨ ਕਰਦੇ ਹਨ ਅਤੇ ਆਮ ਤੌਰ `ਤੇ ਇਕੱਲੇ ਸਥਿਤ ਸਟੋਰਾਂ ਨਾਲੋਂ ਵਧੇਰੇ ਕਾਮਯਾਬ ਹੁੰਦੇ ਹਨ।

ਆਪਣੇ ਨਗਰ ਦੇ ਜ਼ੋਨਿੰਗ ਮਹਿਕਮੇ ਤੋਂ ਆਪਣੀਆਂ ਚੁਣਿੰਦਾ ਥਾਵਾਂ ਦੀ ਜ਼ੋਨਿੰਗ ਬਾਰੇ ਜਾਣਕਾਰੀ ਹਾਸਲ ਕਰੋ। ਇਹ ਗੱਲ ਪੱਕੀ ਕਰੋ ਕਿ ਕੋਈ ਅਜਿਹੀਆਂ ਬੰਦਸ਼ਾਂ ਨਹੀਂ ਹਨ ਜਿਹੜੀਆਂ ਤੁਹਾਡੇ ਕੰਮ-ਕਾਜ ਨੂੰ ਸੀਮਤ ਕਰ ਸਕਨ। ਤੁਹਾਨੂੰ ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਕੀ ਉਸਾਰੀ ਜਾਂ ਆਵਾਜਾਈ ਵਿੱਚ ਕੋਈ ਅਜਿਹੀਆਂ ਤਬਦੀਲੀਆਂ ਤਾਂ ਨਹੀਂ ਵਾਪਰਨਗੀਆਂ ਜਿਨ੍ਹਾਂ ਦਾ ਤੁਹਾਡੇ ਕਾਰੋਬਾਰ ਦੇ ਕੰਮ-ਕਾਜ ਉੱਤੇ ਅਸਰ ਪਾਉਣ।

ਪੱਟੇ

ਲੰਮੀ ਮਿਆਦ ਲਈ ਕੋਈ ਪਟਾ ਲਿਖ ਲੈਣ ਤੋਂ ਪਹਿਲਾਂ ਇਹ ਫੈਸਲਾ ਕਰ ਲਵੋ ਕਿ ਤੁਸੀਂ ਉਸ ਜਗ੍ਹਾ ਕਿੰਨ੍ਹੀ ਕੁ ਦੇਰ ਰਹਿਣਾ ਚਾਹੁੰਦੇ ਹੋ। ਹੇਠਾਂ ਦਿੱਤੇ ਨੁਕਤਿਆਂ ਤੇ ਵਿਚਾਰ ਕਰੋ ।

  • ਕੀ ਤੁਸੀਂ ਆਪਣਾ ਕਾਰੋਬਾਰ ਅਣਮਿੱਥੇ ਸਮੇਂ ਲਈ ਚਲਾਉਣਾ ਚਾਹੁੰਦੇ ਹੋ ਜਾਂ ਕੁੱਝ ਮਿੱਥੇ ਸਾਲਾਂ ਲਈ?
  • ਕੀ ਇਸ ਜਗ੍ਹਾ ਤੁਸੀਂ ਆਪਣਾ ਕਾਰੋਬਾਰ ਪਸਾਰ ਸਕੋਂਗੇ?
  • ਕੀ ਤੁਹਾਡੇ ਪੱਟੇ ਵਿੱਚ ਕੋਈ ਖੁੱਲ੍ਹਾਂ ਮੌਜੂਦ ਹਨ, ਤਾਂ ਜੋ ਤੁਹਾਡੇ ਕੋਲ ਪੱਟਾ ਨਵਿਆਉਣ ਜਾਂ ਕਿਸੇ ਹੋਰ ਜਗ੍ਹਾ ਜਾ ਸਕਣ ਦਾ ਬਦਲ ਮੌਜੂਦ ਹੋਵੇ?
  • ਕੀ ਤੁਹਾਡਾ ਕਿਰਾਇਆ ਬੱਝਵਾਂ ਹੈ ਜਾਂ ਤੁਹਾਡੇ ਵਿਕਰੀ `ਤੇ ਨਿਰਭਰ ਕਰਦਾ ਹੈ?
  • ਇਹ ਗੱਲ ਯਕੀਨੀ ਬਣਾ ਲਵੋ ਕਿ ਜਾਇਦਾਦ ਦੇ ਮਾਲਕਾਂ ਵੱਲੋਂ ਤੁਹਾਨੂੰ ਕੀਤੇ ਕੋਈ ਵੀ ਵਾਅਦੇ, ਜਿਵੇਂ ਮੁਰੰਮਤਾਂ, ਉਸਾਰੀ, ਸਜਾਵਟਾਂ, ਤਬਦੀਲੀਆਂ ਅਤੇ ਰੱਖ-ਰਖਾਅ ਆਦਿ ਬਾਰੇ, ਲਿਖਤੀ ਹੋਣ।

ਕਿਸੇ ਜਗ੍ਹਾ ਨੂੰ ਚੁਣਨ ਵਿੱਚ ਮਦਦ

ਆਪਣੇ ਵੱਲੋਂ ਚੁਣੀਆਂ ਥਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਤੁਹਾਨੂੰ ਕੋਈ ਸਲਾਹਕਾਰ ਰੱਖ ਲੈਣਾ ਚਾਹੀਦਾ ਹੈ। ਕਿਉਂਕਿ ਤੁਸੀਂ ਆਪਣੇ ਸਟੋਰ ਲਈ ਸਭ ਤੋਂ ਚੰਗੀ ਜਗ੍ਹਾ ਲੈਣਾ ਚਾਹੁੰਦੇ ਹੋ, ਇਸ ਲਈ ਵੱਧ ਤੋਂ ਵੱਧ ਮਦਦ ਹਾਸਲ ਕਰਨਾ ਚੰਗਾ ਰਹਿੰਦਾ ਹੈ। ਜੇ ਤੁਹਾਨੂੰ ਕੋਈ ਮੁਨਾਸਬ ਥਾਂ ਨਹੀਂ ਲੱਭਦੀ ਤਾਂ ਸਟੋਰ ਖੋਲ੍ਹਣ ਤੋਂ ਪਹਿਲਾਂ ਸਹੀ ਥਾਂ ਲੱਭ ਜਾਣ ਤਕ ਉਡੀਕ ਲਵੋ।

ਕੋਈ ਜਗ੍ਹਾ ਚੁਣਨ ਅਤੇ ਸਥਾਪਤ ਕਰਨ ਅਤੇ ਕਾਰੋਬਾਰ ਨਾਲ ਸੰਬੰਧਤ ਹੋਰ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਲਈ Small Business Services / Services aux petites entreprises (ਕਨੇਡਾ ਬਿਜ਼ਨਸ ਓਨਟੇਰੀਓ) ਨਾਲ ਅੱਜ ਹੀ ਸੰਪਰਕ ਕਰੋ। ਫ਼ੋਨ ਸੇਵਾ ਅੰਗਰੇਜ਼ੀ ਜਾਂ ਫਰਾਂਸੀਸੀ ਬੋਲੀ ਵਿੱਚ ਉਪਲਬਧ ਹੈ।