ਤਨਖਾਹ ਦਾ ਢਾਂਚਾ (ਪੇਅ ਸਿਸਟਮ) ਸਥਾਪਤ ਕਰਨਾ

ਤਨਖਾਹ ਪ੍ਰਸ਼ਾਸਨ ਕਾਰੋਬਾਰ ਚਲਾਉਣ ਦਾ ਇਕ ਜ਼ਰੂਰੀ ਅੰਗ ਹੁੰਦਾ ਹੈ। ਭੁਗਤਾਨ ਯੋਜਨਾ (ਪੇ ਪਲੈਨ) ਤਨਖਾਹ ਦਰਾਂ (ਪੇ ਰੇਟਸ) ਦੀ ਇੱਕ ਸੰਰਚਨਾ ਹੈ ਜੋ ਤੁਹਾਡੇ ਕਾਰੋਬਾਰ ਵਿੱਚ ਹਰ ਕੰਮ ਲਈ ਭੁਗਤਾਨ ਕੀਤੇ ਪੈਸੇ ਦੀ ਰਾਸ਼ੀ ਨੂੰ ਪਰਿਭਾਸ਼ਿਤ ਕਰਨ ਵਿੱਚ ਮਦਦ ਕਰਦੀ ਹੈ। ਇੱਕ ਰਸਮੀ (ਫ਼ਾਰਮਲ) ਤਨਖਾਹ ਪ੍ਰਸ਼ਾਸਨ ਪ੍ਰਣਾਲੀ ਜਾਂ ਇੱਕ ਭੁਗਤਾਨ ਯੋਜਨਾ ਵਜੋਂ ਕਰਮਚਾਰੀਆਂ ਦੇ ਖਰਚਿਆਂ ਨੂੰ ਕਾਬੂ ਕਰਨ ਵਿੱਚ, ਕਰਮਚਾਰੀ ਮਨੋਬਲ ਵਧਾਉਣ ਵਿੱਚ ਅਤੇ ਕਰਮਚਾਰੀਆਂ ਦੇ ਕੰਮ ਛੱਡ ਜਾਣ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਤਨਖਾਹ ਦੀ ਯੋਜਨਾ ਤੁਹਾਡੀ ਕਿੱਦਾਂ ਮਦਦ ਕਰ ਸਕਦੀ ਹੈ?

ਤਨਖਾਹ ਦੀ ਯੋਜਨਾ ਤੁਹਾਨੂੰ ਤੁਹਾਡੇ ਕਰਮਚਾਰੀਆਂ ਦਾ ਪ੍ਰਬੰਧ ਕਰਨ ਵਿਚ ਅਤੇ ਤੁਹਾਡੇ ਵਪਾਰ ਨੂੰ ਚਲਾਉਣ ਵਿਚ ਸਹਾਈ ਹੁੰਦੀ ਹੈ।

 • (ਨਵੀਂ ਭਰਤੀ)
  ਤਨਖਾਹਾਂ ਦੀ ਤਰਤੀਬ ਨਵੇਂ ਕਰਮਚਾਰੀ ਰੱਖਣ ਵਿਚ ਦੂਜਿਆਂ ਨਾਲ ਮੁਕਾਬਲਾ ਕਰਨ ਦੀ ਯੋਗਤਾ ਪ੍ਰਦਾਨ ਕਰਦੀ ਹੈ ਅਤੇ ਨਵੇਂ ਕਰਮਚਾਰੀਆਂ ਨੂੰ ਵੀ ਖਿੱਚਦੀ ਹੈ
 • ਕਰਮਚਾਰੀਆਂ ਨੂੰ ਨਾਲ ਰੱਖਣਾ
  ਕਾਰਗੁਜ਼ਾਰੀ ਦੀਆਂ ਯੋਜਨਾਵਾਂ ਅਤੇ ਤਨਖਾਹਾਂ ਵਿੱਚ ਵਾਧੇ, ਕਰਮਚਾਰੀਆਂ ਦੀ ਕਾਰਗੁਜ਼ਾਰੀ ਅਤੇ ਕੈਰੀਅਰ ਵਿਕਾਸ ਨੂੰ ਸੁਧਾਰ ਸਕਦੇ ਹਨ
 • ਪ੍ਰੇਰਨਾ ਦੇਣੀ
  ਤਨਖਾਹ ਦੀਆਂ ਯੋਜਨਾਵਾਂ ਕਰਮਚਾਰੀਆਂ ਵਾਸਤੇ ਕੰਪਨੀ ਦੇ ਅੰਦਰ ਰਹਿ ਕੇ ਨਵੇਂ ਮੌਕੇ ਕਾਇਮ ਕਰਨ ਵਾਸਤੇ ਪ੍ਰੇਰਨਾ ਪ੍ਰਦਾਨ ਕਰਦੀਆਂ ਹਨ

ਰਸਮੀ ਤਨਖਾਹ ਸਿਸਟਮ ਰੁਜ਼ਗਾਰ-ਸਬੰਧਤ ਸਰਕਾਰੀ ਟੈਕਸ ਅਤੇ ਹੋਰ ਕਟੌਤੀਆਂ ਕਰਨ ਵਿੱਚ ਵੀ ਸਦਦ ਕਰੇਗਾ।

ਯੋਜਨਾ ਦਾ ਵਿਕਾਸ ਕਰਨਾ ਤੇ ਲਾਗੂ ਕਰਨਾ

ਤਨਖਾਹ ਦੀ ਰਸਮੀ ਯੋਜਨਾ ਤਿਆਰ ਕਰਨ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਸਮਾਂ ਜਾਂ ਪੈਸੇ ਨਹੀਂ ਲੱਗਣੇ ਚਾਹੀਦੇ। ਜਦੋਂ ਤੁਸੀਂ ਆਪਣੀ ਯੋਜਨਾ ਦਾ ਵਿਕਾਸ ਕਰ ਰਹੇ ਹੋਵੋ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਵਿਚਾਰਨ ਵਾਲੀ ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਕਰਮਚਾਰੀਆਂ ਦੇ ਵਿਚਾਰ, ਸਮਝ, ਅਤੇ ਸਮਰਥਨ ਲਵੋ।

ਤਨਖਾਹ ਦੀ ਯੋਜਨਾ ਤਿਆਰ ਕਰਨ ਲਈ ਤੁਹਾਨੂੰ ਜ਼ਰੂਰਤ ਹੈ:

 1. ਅਹੁਦਿਆਂ ਦੀ ਨਿਸ਼ਾਨਦੇਹੀ ਕਰਨ ਦੀ
 2. ਕੰਮਾਂ ਦਾ ਮੁਲਆਂਕਣ ਕਰਨ ਦੀ
 3. ਕੰਮਾਂ ਦੀ ਕੀਮਤ ਨਿਰਧਾਰਤ ਕਰਨ ਦੀ
 4. ਯੋਜਨਾ ਨੂੰ ਲਾਗੂ ਕਰਨ ਦੀ
 5. ਕਰਮਚਾਰੀਆਂ ਨੂੰ ਯੋਜਨਾ ਬਾਰੇ ਦੱਸਣ ਦੀ
 6. ਕਰਮਚਾਰੀਆਂ ਦੇ ਕੰਮਾਂ ਦਾ ਮੁਲਆਂਕਣ ਕਰਨ ਦੀ

ਕਦਮ ੧: ਅਹੁਦਿਆਂ ਦੀ ਨਿਸ਼ਾਨਦੇਹੀ ਕਰਨੀ

ਪਹਿਲਾਂ ਤੁਹਾਨੂੰ ਹਰ ਅਹੁਦੇ ਦੇ ਕੰਮ ਦੀ ਵਿਆਖਿਆ ਕਰਨ ਦੀ ਲੋੜ ਹੈ। ਤੁਸੀਂ ਵਿਆਖਿਆਵਾਂ ਖੁਦ ਲਿਖ ਸਕਦੇ ਹੋ ਜਾਂ ਆਪਣੇ ਕਰਮਚਾਰੀਆਂ ਨੂੰ ਵੀ ਆਪਣੇ ਕੰਮਾਂ ਦੀ ਵਿਆਖਿਆ ਕਰਨ ਲਈ ਕਹਿ ਸਕਦੇ ਹੋ।

ਨੌਕਰੀ ਦੀ ਵਿਆਖਿਆ ਵਿਚ ਸ਼ਾਮਲ ਹਨ:

 • ਨੌਕਰੀ ਦਾ ਨਾਂਅ
 • ਰਿਪੋਰਟ ਕਰਨ ਦਾ ਨਾਤਾ
 • ਜ਼ਿੰਮੇਵਾਰੀਆਂ ਜਿਵੇਂ ਕਿ ਖਾਸ ਡਿਊਟੀਆਂ
 • ਜ਼ਰੂਰਤਾਂ ਜਿਵੇਂ ਕਿ ਰਿਵਾਜੀ ਵਿਦਿਆ, ਸਿਖਲਾਈ, ਤਜਰਬਾ, ਜਾਂ ਗੈਰ-ਸੁਭਾਵਿਕ ਕੰਮ ਦੀਆਂ ਹਾਲਤਾਂ

ਜਦੋਂ ਇਕ ਵਾਰ ਪੂਰੀ ਕਰ ਲਈ ਜਾਵੇ, ਕੰਮ ਦੀ ਰੂਪ ਰੇਖਾ ਹੋਰ ਚੀਜ਼ਾਂ ਲਈ ਵੀ ਵਰਤੀ ਜਾ ਸਕਦੀ ਹੈ:

 • ਕਰਮਚਾਰੀਆਂ ਨੂੰ ਰੱਖਣਾ ਅਤੇ ਸਿਖਲਾਈ
 • ਜਥੇਬੰਦੀ ਵਿਚ ਕੰਮਾਂ ਨੂੰ ਮੁੜ ਤਰਤੀਬ ਦੇਣੀ
 • ਕੰਮ ਸਬੰਧੀ ਵੱਖਰੇ ਅਮਲਾਂ ਅਨੁਸਾਰ ਚੱਲਣਾ ਅਤੇ ਤਨਖਾਹ ਦਰਾਂ ਦੇ ਕਾਨੂੰਨ
 • ਸੰਭਾਲੇ ਕੰਮਾਂ ਦੇ ਅਧਾਰ `ਤੇ ਕਾਰਜਗੁਜਾਰੀ ਦਾ ਮੁਲਆਂਕਣ ਕਰਨਾ

ਕਦਮ ੨: ਕੰਮਾਂ ਦਾ ਮੁਲਆਂਕਣ

੧੦੦ ਜਾਂ ਘੱਟ ਕਰਮਚਾਰੀਆਂ ਵਾਲੇ ਵਪਾਰ ਲਈ ਮੁਲਆਂਕਣ ਦਾ ਵਧੀਆ ਤਰੀਕਾ ਮੁਢਲੀ ਦਰਜਾਬੰਦੀ ਦਾ ਹੈ। ਜਦੋਂ ਇਸ ਕਿਸਮ ਦਾ ਢਾਂਚਾ ਵਰਿਤਆ ਜਾਵੇ ਤਾਂ ਕੰਮਾਂ ਨੂੰ ਇਕ ਦੂਜੇ ਨਾਲ ਮੁਕਾਬਲਾ ਕਰ ਕੇ ਦੇਖਿਆ ਜਾਂਦਾ ਹੈ ਅਤੇ ਔਖਿਆਈ ਅਤੇ ਜ਼ਿੰਮੇਵਾਰੀ ਦੇ ਹਿਸਾਬ ਨਾਲ ਦਰਜਾਬੰਦੀ ਕੀਤੀ ਜਾਂਦੀ ਹੈ।

ਕੰਮਾਂ ਦੀ ਦਰਜਾਬੰਦੀ ਕਰਨ ਤੋਂ ਬਾਅਦ, ਕਾਰਜ-ਖੇਤਰ ਅਤੇ ਜ਼ਿੰਮੇਵਾਰੀ ਦੇ ਹਿਸਾਬ ਨਾਲ ਸਮਰੂਪ ਕੰਮਾਂ ਨੂੰ ਤਨਖਾਹ ਦੀ ਇਕੋ ਪੱਧਰ ਦੇ ਗਰੁੱਪਾਂ ਵਿਚ ਵੰਡ ਲਵੋ। ਤੁਸੀਂ ਤਦ ਇਨ੍ਹਾਂ ਗਰੁੱਪਾਂ ਨੂੰ ਜ਼ਿਆਦਾ ਤੋਂ ਘੱਟ ਤਨਖਾਹ ਦੇ ਪੱਧਰ (ਪੇਅ ਲੈਵਲ) ਅਨੁਸਾਰ ਤਰਤੀਬ ਦੇ ਸਕਦੇ ਹੋ।

ਤਨਖਾਹ ਦੀਆਂ ਪੱਧਰਾਂ ਦੀ ਗਿਣਤੀ ਤੁਹਾਡੀ ਜਥੇਬੰਦੀ ਵਿਚ ਕੰਮਾਂ ਦੀ ਕੁਲ ਗਿਣਤੀ ਅਤੇ ਕੰਮਾਂ ਦੀਆਂ ਕਿਸਮਾਂ `ਤੇ ਅਧਾਰਤ ਹੋਵੇਗੀ। ਜਿਸ ਕੰਪਨੀ ਦੀਆਂ ੧੦੦ ਤੋਂ ਘੱਟ ਨੌਕਰੀਆਂ ਹੋਣ ਉੱਥੇ ਸਿਰਫ ੧੦ ਜਾਂ ੧੨ ਤਨਖਾਹ ਦਰਜਿਆਂ ਦੀ ਲੋੜ ਪਵੇਗੀ।

ਕਦਮ ੩: ਕੰਮ (ਜਾਬ) ਦੀ ਕੀਮਤ ਤਹਿ ਕਰਨੀ

ਤਨਖਾਹ ਦੀਆਂ ਦਰਾਂ

ਆਪਣੇ ਹਰ ਤਨਖਾਹ ਦੇ ਦਰਜਿਆਂ `ਤੇ ਡਾਲਰਾਂ ਵਿਚ ਕੀਮਤ ਮਿੱਥਣ ਵਾਸਤੇ ਆਪਣੇ ਖੇਤਰ ਵਿਚ ਆਪਣੇ ਵਰਗੇ ਹੋਰ ਕੰਮਾਂ ਵਲ ਦੇਖੋ। ਇਹ ਲੋੜੀਂਦੀ ਜਾਣਕਾਰੀ ਤੁਸੀਂ ਆਪਣੇ ਸਥਾਨਕ ਚੈਂਬਰ ਆਫ ਕਾਮਰਸ, ਆਪਣੇ ਇਲਾਕੇ ਦੇ ਵੱਡੇ ਵਪਾਰਾਂ ਤੋਂ, ਜਾਂ ਸਰਕਾਰੀ ਜਥੇਬੰਦੀਆਂ ਤੋਂ ਲੈ ਸਕਦੇ ਹੋ। ਜੇ ਤੁਸੀਂ ਕਿਸੇ ਟਰੇਡ ਜਥੇਬੰਦੀ ਵਿਚ ਸ਼ਾਮਲ ਹੋ ਤਾਂ ਉਹ ਵੀ ਤੁਹਾਡੇ ਉਦਯੋਗ ਵਿਚ ਵੱਖਰੇ ਵੱਖਰੇ ਕੰਮਾਂ ਦੇ ਸਾਧਾਰਨ ਤਨਖਾਹ ਦਰਜਿਆਂ ਬਾਰੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਯਾਦ ਰੱਖੋ, ਤੁਹਾਡੇ ਲਈ ਆਪਣੇ ਕਰਮਚਾਰੀਆਂ ਨੂੰ ਤੁਹਾਡੇ ਸੂਬੇ ਵਲੋਂ ਸਥਾਪਤ ਕੀਤੀ ਘੱਟ ਤੋਂ ਘੱਟ ਤਨਖਾਹ ਦੇਣਾ ਜ਼ਰੂਰੀ ਹੈ।

ਜਦੋਂ ਤੁਸੀਂ ਆਪਣੇ ਇਲਾਕੇ ਦੇ ਤਨਖਾਹਾਂ ਦੇ ਦਰਾਂ ਦਾ ਅਧਿਅਨ ਕਰ ਰਹੇ ਹੋਵੋ ਤਾਂ ਯਕੀਨੀ ਬਣਾਓ ਕਿ ਤੁਸੀਂ ਨੌਕਰੀ ਦੇ ਵਿਵਰਣਾ ਦਾ ਮੁਕਾਬਲਾ ਕਰੋ ਨਾ ਕਿ ਸਿਰਫ ਨੌਕਰੀਆਂ ਦੇ ਨਾਵਾਂ ਦਾ। ਨੌਕਰੀਆਂ ਦੇ ਨਾਂ ਗਲਤ ਜਾਣਕਾਰੀ ਦੇ ਸਕਦੇ ਹਨ ਅਤੇ ਆਮ ਤੌਰ `ਤੇ ਇਸ ਗੱਲ ਵਿਚ ਫਰਕ ਹੁੰਦਾ ਹੈ ਕਿ ਇਕ ਜਥੇਬੰਦੀ ਕਿਸੇ ਦੂਜੀ ਦੇ ਮੁਕਾਬਲੇ ਕਿਸ ਤਰ੍ਹਾਂ ਕਿਸੀ ਸਮਰੂਪ ਨੌਕਰੀਆਂ ਦੀ ਵਿਆਖਿਆ ਕਰਦੀ ਹੈ।

ਜਦੋਂ ਤੁਹਾਡੇ ਕੋਲ ਸਥਾਨਕ ਤਨਖਾਹ ਦਰਾਂ ਦਾ ਨਮੂਨਾ ਆ ਜਾਵੇ ਤਾਂ ਤੁਸੀਂ ਹਰ ਨੌਕਰੀ ਵਾਸਤੇ ਔਸਤ ਦਰ ਗਿਣ ਸਕਦੇ ਹੋ ਅਤੇ ਉਸ ਨੂੰ ਵਰਕਸ਼ੀਟ `ਤੇ ਦਰਜ ਕਰ ਸਕਦੇ ਹੋ।

ਉਦਾਹਰਨ ਲਈ:

ਤਨਖਾਹ ਦੀ ਪੱਧਰ ਅਹੁਦਾ ਔਸਤ ਦਰ (ਐਵਰੇਜ ਰੇਟ) ਪ੍ਰਤੀ ਘੰਟਾ
1 ਕਲਰਕ-ਟਾਈਪਿਸਟ $57
2 ਸਟੈਨੋਗਰਾਫਰ $63
3 ਪੇਅਰੋਲ ਕਲਰਕ $68
4 ਸੈਕਰੇਟਰੀ $72
5 ਅਕਾਊਂਟਿੰਗ ਕਲਰਕ $74
6 ਕੰਪਿਊਟਰ ਉਪਰੇਟਰ $81

ਤਨਖਾਹਾਂ ਦੀਆਂ ਤਰਤੀਬਾਂ (ਪੇਅ ਰੇਂਜਸ)

ਔਸਤ ਤਨਖਾਹ ਦਰ ਨੂੰ ਅਧਾਰ ਬਣਾ ਕੇ ਤੁਸੀਂ ਇਕ ਵਿਚਕਾਰਲੀ ਦਰ ਸਥਾਪਤ ਕਰ ਸਕਦੇ ਹੋ ਅਤੇ ਉਸ ਅਨੁਸਾਰ ਤਨਖਾਹ ਦੀ ਤਰਤੀਬ ਦਾ ਵਿਕਾਸ ਕਰ ਸਕਦੇ ਹੋ। ਵਿਸ਼ੇਸ਼ ਕਰ ਪੱਧਰ ਵਿਚ ਘੱਟ ਤੋਂ ਘੱਟ ਦਰ ਵਿਚਕਾਰਲੀ ਦਰ ਦਾ ੮੫ ਪ੍ਰਤੀਸ਼ੱਤ ਹੁੰਦਾ ਹੈ ਅਤੇ ਵੱਧ ਤੋਂ ਵੱਧ ਦਰ ਵਿਚਕਾਰਲੀ ਦਰ ਦਾ ੧੧੫ ਪ੍ਰਤੀਸ਼ੱਤ ਹੁੰਦਾ ਹੈ। ਇਸ ਕਿਸਮ ਦੇ ਪ੍ਰਬੰਧ ਨਾਲ ਨਵੇਂ ਕਰਮਚਾਰੀ ਆਪਣੀ ਆਮਦਨ ਵਿਚ ਨੌਕਰੀ ਤਬਦੀਲ ਕਰਨ ਤੋਂ ਬਿਨਾਂ ੩੫ ਪ੍ਰਤੀਸ਼ੱਤ ਦਾ ਵਾਧਾ ਕਰ ਸਕਦੇ ਹਨ ਅਤੇ ਭਾਵੇਂ ਉਨ੍ਹਾਂ ਨੂੰ ਤਰੱਕੀ ਨਾ ਦਿੱਤੀ ਗਈ ਹੋਵੇ, ਉਨ੍ਹਾਂ ਨੂੰ ਕਾਰਗੁਜਾਰੀ ਲਈ ਪ੍ਰੇਰਨਾ ਪ੍ਰਦਾਨ ਕੀਤੀ ਜਾਂਦੀ ਹੈ।

ਜਦੋਂ ਤੁਹਾਡੀ ਜਥੇਬੰਦੀ ਵਿਚ ਹਰ ਅਹੁਦੇ ਵਾਸਤੇ ਤਨਖਾਹ ਦੀ ਤਰਤੀਬ ਤਿਆਰ ਹੋ ਜਾਵੇ ਤਾਂ ਤੁਹਾਡੀ ਆਖਰੀ ਸੂਚੀ ਹੇਠ ਲਿਖੀ ਉਦਾਹਰਨ ਵਰਗੀ ਹੋਵੇਗੀ:

ਤਨਖਾਹ ਦੀ ਸੀਮਾ ਘੱਟ ਤੋਂ ਘੱਟ ਮੱਧ-ਨੁਕਤਾ ਵੱਧ ਤੋਂ ਵੱਧ
1 $49 $57 $66
2 $53 $63 $72
3 $58 $68 $78
4 $61 $72 $83
5 $69 $81 $93

ਇਸ ਕਿਸਮ ਦੀ ਤਨਖਾਹ ਦੀ ਤਰਤੀਬ ਤੁਹਾਨੂੰ ਇਕੋ ਨਜ਼ਰ ਨਾਲ ਦਰਸਾ ਸਕਦੀ ਹੈ ਕਿ ਤੁਹਾਡੇ ਕਰਮਚਾਰੀਆਂ ਵਾਸਤੇ ਉਚਿਤ ਅਤੇ ਮੁਕਾਬਲਤਨ ਦਰਾਂ ਲਈ ਤੁਹਾਨੂੰ ਸ਼ਾਇਦ ਕੀ ਤਬਦੀਲੀਆਂ ਕਰਨ ਦੀ ਲੋੜ ਹੈ।

ਆਮ ਕਰਕੇ, ਤਨਖਾਹ ਦਾ ਵਿਉਂਤਬੰਦ ਢਾਂਚਾ ਵਿਅਕਤੀ ਦੀ ਕੰਮ ਦੀ ਕਾਰਗੁਜਾਰੀ ਅਤੇ ਕੰਪਨੀ ਦੇ ਨਿਸ਼ਾਨਿਆਂ ਵਲ ਪਾਏ ਯੋਗਦਾਨ ਨਾਲ ਜੋੜਨ ਦੇ ਯੋਗ ਹੋਣਾ ਚਾਹੀਦਾ ਹੈ। ਇਸ ਵਿਚ ਵਿਸ਼ੇਸ਼ ਸਥਿਤੀਆਂ ਨਾਲ ਨਜਿੱਠਣ ਜੋਗੀ ਲਚਕਤਾ ਹੋਣੀ ਚਾਹੀਦੀ ਹੈ।

ਕਦਮ ੪: ਯੋਜਨਾ ਨੂੰ ਲਾਗੂ ਕਰਨਾ

ਜਦੋਂ ਤੁਹਾਡੇ ਕੋਲ ਇਕ ਆਮ ਯੋਜਨਾ ਹੋਵੇ, ਇਸ ਗੱਲ `ਤੇ ਵਿਚਾਰ ਕਰੋ ਕਿ ਕੱਲੇ ਕੱਲੇ ਕਰਮਚਾਰੀ ਦੀ ਤਨਖਾਹ ਵਿਚ ਵਾਧੇ ਲਈ ਇਹ ਕਿਵੇਂ ਲਾਗੂ ਕੀਤੀ ਜਾਵੇਗੀ। ਤੁਸੀਂ ਕਈ ਪਹੁੰਚਾਂ ਵਰਤ ਸਕਦੇ ਹੋ:

 • ਯੋਗਤਾ ਅਨੁਸਾਰ ਵਾਧੇ, ਜਿਹੜਾ ਕਾਰਗੁਜਾਰੀ ਅਤੇ ਯੋਗਦਾਨ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਂਦਾ ਹੈ
 • ਉੱਚੀਆਂ ਤਨਖਾਹਾਂ ਵਾਲੇ ਵੱਖਰੀਆਂ ਵੱਖਰੀਆਂ ਨੌਕਰੀਆਂ `ਤੇ ਲਾਏ ਕਰਮਚਾਰੀਆਂ ਲਈ ਉੱਨਤੀ ਵਾਧੇ
 • ਉਨ੍ਹਾਂ ਕਰਮਚਾਰੀਆਂ ਲਈ ਕਦਮ ਦਰ ਕਦਮ ਤਨਖਾਹ ਵਿਚ ਵਾਧਾ ਜਿਨ੍ਹਾਂ ਨੂੰ ਕੰਮ `ਤੇ ਰੱਖਣ ਵੇਲੇ ਘੱਟੋ ਘੱਟ ਦਰ ਜਾਂ ਤਨਖਾਹ ਪੱਧਰ `ਤੇ ਰੱਖਿਆ ਗਿਆ ਸੀ।
 • ਨਵੇਂ ਕਰਮਚਾਰੀਆਂ ਲਈ ਅਜ਼ਮਾਇਸ਼ੀ ਵਾਧੇ ਜਿਨ੍ਹਾਂ ਨੇ ਲੋੜੀਂਦੇ ਹੁਨਰ ਤੇ ਤਜਰਬਾ ਹਾਸਲ ਕਰ ਲਿਆ ਹੋਵੇ
 • ਕੰਪਨੀ ਨਾਲ ਲੰਘਾਏ ਸਮੇਂ ਅਨੁਸਾਰ ਅਵਧੀ ਵਾਧੇ
 • ਤਨਖਾਹਾਂ ਨੂੰ ਬਰਾਬਰੀ ਦਾ ਰੱਖਣ ਲਈ, ਆਮ ਵਾਧੇ

ਬਹੁਤੇ ਸਲਾਨਾ ਵਾਧੇ ਰਹਿਣ ਦੇ ਖਰਚਿਆਂ ਲਈ, ਅਵਧੀ ਜਾਂ ਮਜ਼ਦੂਰ ਮੰਡੀ ਦੇ ਕਾਰਨਾਂ ਕਰਕੇ ਕੀਤੇ ਜਾਂਦੇ ਹਨ। ਆਪਣੇ ਵਪਾਰ ਵਾਸਤੇ ਤੁਸੀਂ ਜੇ ਚਾਹੋ ਤਾਂ ਤਨਖਾਹ ਵਧਾਉਣ ਦੇ ਤਰੀਕਿਆਂ ਵਿਚੋਂ ਕਈ, ਸਾਰੇ ਜਾਂ ਸਾਰਿਆਂ ਦੇ ਰਲ਼ਾ ਵਾਲਾ ਤਰੀਕਾ ਵਰਤ ਸਕਦੇ ਹੋ।

ਵੇਤਨ ਦੇ ਵਾਧਿਆਂ ਲਈ ਫਾਰਮ ਭਰਨਾ ਅਤੇ ਕਾਰਨਾਂ ਨੂੰ ਰੀਕਾਰਡ ਕਰਨਾ ਵੀ ਫਾਇਦੇਮੰਦ ਹੋ ਸਕਦਾ ਹੈ ਅਤੇ ਜੋ ਤਨਖਾਹ ਪ੍ਰਸ਼ਾਸਨ ਦੇ ਕਾਰਨਾਂ ਲਈ ਜ਼ਰੂਰੀ ਹਨ।

ਕਦਮ ੫: ਕਰਮਚਾਰੀਆਂ ਨੂੰ ਯੋਜਨਾ ਬਾਰੇ ਦੱਸਣਾ

ਆਪਣੀ ਤਨਖਾਹ ਦੀ ਵਿਉਂਤ ਲਾਗੂ ਕਰਨ ਬਾਅਦ ਤੁਹਾਨੂੰ ਇਸ ਗੱਲ `ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਸੀਂ ਆਪਣੇ ਕਰਮਚਾਰੀਆਂ ਨੂੰ ਇਹਦੇ ਬਾਰੇ ਕਿੱਦਾਂ ਦੱਸੋਗੇ। ਇਕ ਚੰਗਾ ਪ੍ਰੋਗਰਾਮ ਸਥਾਪਤ ਕਰਨਾ ਤੁਹਾਡੀ ਪਹਿਲੀ ਲੋੜ ਹੈ, ਪਰ ਉਸ ਵਿਉਂਤ ਨੂੰ ਸਾਫ ਸਾਫ ਅਤੇ ਇਮਾਨਦਾਰੀ ਨਾਲ ਕਰਮਚਾਰੀਆਂ ਨੂੰ ਦੱਸਣਾ ਵੀ ਬਹੁਤ ਜ਼ਰੂਰੀ ਹੈ।

ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡੇ ਕਾਰੋਬਾਰ ਵਿਚ ਕੰਮ ਕਰਨ ਵਾਲਾ ਕੋਈ ਵੀ ਸੁਪਰਵਾਈਜ਼ਰ ਯੋਜਨਾ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਅਤੇ ਸਟਾਫ ਨੂੰ ਸਮਝਾ ਸਕਦਾ ਹੋਵੇ।

ਸਮੇਂ ਸਮੇਂ ਆਪਣੇ ਸਾਰੇ ਕਰਮਚਾਰੀਆਂ ਨਾਲ ਯੋਜਨਾ ਦਾ ਨਿਰੀਖਣ ਕਰਨਾ ਵੀ ਚੰਗੀ ਗੱਲ ਹੈ।

ਕਰਮਚਾਰੀਆਂ ਦੀ ਕਾਰਗੁਜਾਰੀ ਦਾ ਮੁਲਆਂਕਣ

ਤਨਖਾਹ ਦੇ ਪ੍ਰਬੰਧ ਵਿਚ ਅਖੀਰਲੀ ਕੜੀ ਕਾਰਗੁਜਾਰੀ ਦਾ ਮੁਲਆਂਕਣ ਹੈ। ਕਨੇਡਾ ਵਿੱਚ ਬਹੁਤ ਸਾਰੇ ਕਰਮਚਾਰੀ ਯੋਗਤਾ ਅਨੁਸਾਰ ਤਨਖਾਹ ਵਿਚ ਵਾਧੇ ਥੱਲੇ ਆਉਂਦੇ ਹਨ, ਜਿਹਦੀ ਇਹ ਲੋੜ ਹੈ ਕਿ ਸਮੇਂ ਸਮੇਂ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਆਂਕਣ ਕੀਤਾ ਜਾਵੇ ਇਹ ਦੇਖਣ ਲਈ ਕਿ ਉਨ੍ਹਾਂ ਨੂੰ ਦਿੱਤੇ ਗਏ ਕੰਮ ਓਹ ਕਿਸ ਤਰ੍ਹਾਂ ਕਰ ਰਹੇ ਹਨ।

ਕਰਮਚਾਰੀਆਂ ਦੀ ਅਸਰਦਾਇਕ ਮੁਲਆਂਕਣ ਵਿਉਂਤ ਨਾਲ ਹੋ ਸਕਦੀ ਹੈ:

 • ਮੈਨੇਜਰਾਂ ਅਤੇ ਕਰਮਚਾਰੀਆਂ ਦਰਮਿਆਨ ਬੇਹਤਰ ਦੋਪਾਸੀ ਗੱਲਬਾਤ (ਕਮਿਊਨੀਕੇਸ਼ਨ) ਕਰਨ ਵਿੱਚ ਤੁਹਾਡੀ ਮਦਦ
 • ਕਰਮਚਾਰੀ ਦੀ ਤਨਖਾਹ ਨੂੰ ਉਸ ਦੇ ਕੰਮ ਦੀ ਕਾਰਗੁਜਾਰੀ ਨਾਲ ਜੋੜਨ ਵਿੱਚ
 • ਕਾਰਗੁਜਾਰੀ ਦੇ ਮੁਲਆਂਕਣ ਲਈ ਮਿਆਰੀ (ਸਟੈਂਡਰਡਾਇਜ਼ਡ) ਦ੍ਰਸ਼ਟੀਕੋਣ ਦੀ ਪ੍ਰਦਾਨਗੀ
 • ਕਰਮਚਾਰੀਆਂ ਨੂੰ ਕੰਮ ਦੀਆਂ ਜ਼ਿੰਮੇਵਾਰੀਆਂ ਅਤੇ ਆਸਾਂ ਸਮਝਣ ਵਿਚ ਮਦਦ
 • ਕਰਮਚਾਰੀਆਂ ਵਾਸਤੇ ਕੰਮ ਕਰਨ ਲਈ ਲਕਸ਼ ਪ੍ਰਦਾਨਗੀ

ਕਾਰਗੁਜਾਰੀ ਦਾ ਨਿਰੀਖਣ ਉਨ੍ਹਾਂ ਕਰਮਚਾਰੀਆਂ ਦੀ ਮਦਦ ਕਰਦਾ ਹੈ ਜਿਨ੍ਹਾਂ ਦੇ ਕੰਮ ਦਾ ਮੁਲਆਂਕਣ ਕੀਤਾ ਜਾ ਰਿਹਾ ਹੋਵੇ ਪਰ ਇਸ ਨਾਲ ਮੈਨੇਜਰ ਨੂੰ ਵੀ ਵਪਾਰ ਅੰਦਰ ਝਾਕਣ `ਚ ਮਦਦ ਮਿਲਦੀ ਹੈ। ਮੈਨੇਜਰ ਅਤੇ ਕਰਮਚਾਰੀਆਂ ਦਰਮਿਆਨ ਖੁੱਲੀ ਗੱਲਬਾਤ ਮੈਨੇਜਰ ਨੂੰ ਦਿਖਾ ਸਕਦੀ ਹੈ ਕਿ ਕਿੱਥੇ ਸਾਜ਼ੋ-ਸਮਾਨ ਵਿਚ, ਤਰੀਕਿਆਂ ਵਿਚ, ਸਿੱਖਿਆ ਜਾਂ ਹੋਰ ਥਾਵਾਂ `ਤੇ ਸੁਧਾਰ ਦੀ ਲੋੜ ਹੈ ਜਿਹੜੇ ਕਰਮਚਾਰੀ ਦੀ ਕਾਰਗੁਜਾਰੀ ਨੂੰ ਬੇਹਤਰ ਬਣਾ ਸਕਦੇ ਹੋਣ।

ਜਦੋਂ ਤੁਸੀਂ ਮੁਲਆਂਕਣ ਲਈ ਪ੍ਰਣਾਲੀ ਤਿਆਰ ਕਰ ਰਹੇ ਹੋਵੋ, ਇਕ ਰਸਮੀ ਅਮਲ ਅਪਣਾਉਣਾ ਚੰਗੀ ਗੱਲ ਹੁੰਦੀ ਹੈ। ਕਾਰਗੁਜਾਰੀ ਦੇ ਮੁਲਆਂਕਣ ਦੇ ਇਕ ਆਮ ਤਰੀਕੇ ਵਿਚ ਹੇਠ ਲਿਖਿਆਂ ਵਰਗੇ ਤੱਤ ਹੁੰਦੇ ਹਨ:

 • ਪ੍ਰਾਪਤ ਨਤੀਜੇ
 • ਕਾਰਗੁਜਾਰੀ ਦੀ ਕੁਆਲਟੀ
 • ਕੰਮ ਦੀ ਮਾਤਰਾ
 • ਦੂਜਿਆਂ ਨਾਲ ਕੰਮ ਕਰਨ ਦੀ ਅਸਰਦਾਇਕਤਾ
 • ਗਾਹਕਾਂ , ਸਪਲਾਇਰਾਂ ਆਦਿ ਨਾਲ ਵਰਤਣ ਦੀ ਅਸਰਦਾਇਕਤਾ
 • ਉੱਦਮ
 • ਕੰਮ (ਜਾਬ) ਬਾਰੇ ਗਿਆਨ
 • ਨਿਰਭਰਤਾ

ਕਾਰਗੁਜਾਰੀ ਦੇ ਮੁਲਆਂਕਣ ਵਾਸਤੇ ਤੁਸੀਂ ਆਪਣੇ ਫਾਰਮ ਆਪ ਵੀ ਡੀਜ਼ਾਈਨ ਕਰ ਸਕਦੇ ਹੋ ਕਰਮਚਾਰੀਆਂ ਦੇ ਪ੍ਰਬੰਧ ਬਾਰੇ ਕਿਤਾਬਾਂ ਵਿਚੋਂ ਉਦਾਹਰਨਾਂ ਲੈ ਕੇ, ਪਰ ਇਸ ਗੱਲ ਨੂੰ ਪੱਕਾ ਕਰੋ ਕਿ ਜਿਹੜੇ ਫਾਰਮ ਤੁਸੀਂ ਤਿਆਰ ਕਰੋ ਉਹ ਨੌਕਰੀ ਨਾਲ ਮੇਲ ਖਾਂਦੇ ਹੋਣ।

ਯੋਜਨਾ ਨੂੰ ਨਵਾਂ ਕਰਨਾ

ਆਪਣੀ ਤਨਖਾਹ ਯੋਜਨਾ ਦਾ ਹਰ ਸਾਲ ਨਿਰੀਖਣ ਕਰੋ, ਅਤੇ ਆਪਣੇ ਆਪ ਨੂੰ ਪੁੱਛੋ ਕਿ ਜਿੱਦਾਂ ਦੇ ਕਰਮਚਾਰੀ ਤੁਸੀਂ ਚਾਹੁੰਦੇ ਹੋ ਉਦਾਂ ਦੇ ਤੁਹਾਨੂੰ ਮਿਲ ਰਹੇ ਹਨ? ਤੁਹਾਡੇ ਕੋਲੋਂ ਕੰਮ ਛੱਡ ਕੇ ਜਾਣ ਵਾਲਿਆਂ ਦੀ ਕੀ ਦਰ ਹੈ? ਕੀ ਕਰਮਚਾਰੀ ਕਾਰੋਬਾਰ ਬਾਰੇ ਫਿਕਰ ਕਰਦੇ ਜਾਪਦੇ ਹਨ? ਆਪਣੀ ਯੋਜਨਾ ਨੂੰ ਅੱਪ ਟੂ ਡੇਟ ਰੱਖਣ ਨਾਲ, ਤੁਸੀਂ ਲੋੜੀਂਦੀਆਂ ਤਬਦੀਲੀਆਂ ਕਰ ਸਕਦੇ ਹੋ ਅਤੇ ਆਪਣੇ ਵਪਾਰ ਨੂੰ ਕਾਮਯਾਬ ਕਰ ਸਕਦੇ ਹੋ।

ਪੇਅ ਸਿਸਟਮ ਕਰਨ ਬਾਰੇ ਅਤੇ ਵਪਾਰ ਸਬੰਧੀ ਹੋਰ ਵਿਸ਼ਿਆਂ ਬਾਰੇ ਵਾਧੂ ਜਾਣਕਾਰੀ ਲਈ Small Business Services / Services aux petites entreprises ਨਾਲ ਅੱਜ ਹੀ ਸੰਪਰਕ ਕਰੋ। ਟੈਲੀਫੋਨ ਸੇਵਾਵਾਂ ਅੰਗ੍ਰੇਜ਼ੀ ਅਤੇ ਫਰਾਂਸੀਸੀ ਵਿਚ ਮਿਲਦੀਆਂ ਹਨ।

Contact us

1-888-576-4444

Contact us by email

ਪੰਜਾਬੀ ਦਸਤਾਵੇਜ